ਬਰਨਾਲਾ ਬਿਊਰੋ
ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਵਲੋਂ ਦੋ-ਤਿਹਾਈ ਬਹੁਮਤ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਬਹੁਮਤ ਹਾਸਿਲ ਹੁੰਦਿਆਂ ਹੀ ਹੁਣ ਸਾਰਿਆਂ ਦੀਆਂ ਨਜ਼ਰਾਂ ਮੇਅਰ ਦੀ ਵੱਕਾਰੀ ਕੁਰਸੀ ’ਤੇ ਟਿਕ ਗਈਆਂ ਹਨ ਤੇ ਇਸ ਅਹੁਦੇ ਨੂੰ ਹਾਸਿਲ ਕਰਨ ਲਈ ਸਿਆਸੀ ਜੋੜ-ਤੋੜ ਬੇਹੱਦ ਤੇਜ਼ ਹੋ ਚੁੱਕੀ ਹੈ। ਭਾਵੇਂ ਕਿ ਪਾਰਟੀ ਅੰਦਰ ਕਈ ਦਾਅਵੇਦਾਰ ਇਸ ਰੇਸ ’ਚ ਸ਼ਾਮਲ ਹਨ। ਪਰ ਸਿਆਸੀ ਗਲਿਆਰਿਆਂ ’ਚ ਇਸ ਵੇਲੇ ਸਭ ਤੋਂ ਮੋਹਰੀ ਨਾਮ ਕੌਂਸਲਰ ਹਸਨਪ੍ਰੀਤ ਭਾਰਦਵਾਜ ਦਾ ਚੱਲ ਰਿਹਾ ਹੈ। ਜਿਨ੍ਹਾਂ ਦੀ ਦਾਅਵੇਦਾਰੀ ਬਾਕੀਆਂ ਦੇ ਮੁਕਾਬਲੇ ਸਭ ਤੋਂ ਭਾਰੂ ਮੰਨੀ ਜਾ ਰਹੀ ਹੈ। ਇਸ ਦੌਰਾਨ ਮੇਅਰ ਦੀ ਚੋਣ ਨੂੰ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸਾਰੇ ਚੁਣੇ ਹੋਏ ਕੌਂਸਲਰ ਤੇ ਸੀਨੀਅਰ ਲੀਡਰਸ਼ਿਪ ਇਕ ਮੇਜ਼ ’ਤੇ ਇਕੱਠੇ ਬੈਠ ਕੇ ਸਰਬਸੰਮਤੀ ਨਾਲ ਮੇਅਰ ਬਣਾਉਣ ਦਾ ਫੈਸਲਾ ਲੈਣਗੇ। ਮੀਤ ਹੇਅਰ ਨੇ ਜ਼ਿਲ੍ਹਾ ਇੰਚਾਰਜ ਸੁਰਿੰਦਰ ਗੋਇਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਬਰਨਾਲਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨਾ ਹੈ ਤੇ ਜਿਸ ਵੀ ਆਗੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਹ ਸਾਰਿਆਂ ਦੀ ਸਹਿਮਤੀ ਨਾਲ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਹੀ ਕੌਂਸਲਰਾਂ ਕੋਲ ਮੇਅਰ ਜਿੰਨ੍ਹੀਆਂ ਪਾਵਰਾਂ ਹੋਣਗੀਆਂ।
ਭਾਵੇਂ ਸੰਸਦ ਮੈਂਬਰ ਵਲੋਂ ਸਰਬਸੰਮਤੀ ਦੀ ਗੱਲ ਕਹੀ ਜਾ ਰਹੀ ਹੈ। ਪਰ ਸਿਆਸੀ ਮਾਹਿਰ ਹਸਨਪ੍ਰੀਤ ਭਾਰਦਵਾਜ ਦੀ ਦਾਅਵੇਦਾਰੀ ਨੂੰ ਲਗਭਗ ਤੈਅ ਮੰਨ ਕੇ ਚੱਲ ਰਹੇ ਹਨ। ਇਸ ਦਾ ਮੁੱਖ ਕਾਰਨ ਐੱਮਪੀ ਮੀਤ ਹੇਅਰ ਤੇ ਹਸਨਪ੍ਰੀਤ ਭਾਰਦਵਾਜ ਵਿਚਕਾਰਲੀ ਅਟੁੱਟ ਸਾਂਝ ਹੈ। ਚੋਣ ਮੁਹਿੰਮ ਦੌਰਾਨ ਹੋਈਆਂ ਰੈਲੀਆਂ, ਪਬਲਿਕ ਮੀਟਿੰਗਾਂ ਤੇ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰੈਸ ਕਾਨਫਰੰਸਾਂ ’ਚ ਦੋਵਾਂ ਆਗੂਆਂ ਨੇ ਜਨਤਕ ਤੌਰ ’ਤੇ ਹਿੱਕ ਠੋਕ ਕੇ ਕਿਹਾ ਸੀ ਕਿ ਉਨ੍ਹਾਂ ਨੇ ਹਮੇਸ਼ਾ ਯਾਰੀਆਂ ਨਿਭਾਈਆਂ ਹਨ ਤੇ ਕਦੇ ਵੀ ਆਪਣੇ ਯਾਰਾਂ ਨਾਲ ਧੋਖਾ ਨਹੀਂ ਕੀਤਾ। ਚੋਣ ਸਟੇਜਾਂ ਤੋਂ ਇੱਥੇ ਤਕ ਕਿਹਾ ਗਿਆ ਸੀ ਕਿ ਮੀਤ ਹੇਅਰ ਤੇ ਹਸਨਪ੍ਰੀਤ ਭਾਰਦਵਾਜ ਸਿਰਫ਼ ਪੁਰਾਣੇ ਦੋਸਤ ਹੀ ਨਹੀਂ। ਬਲਕਿ ਹੁਣ ਆਪਸ ’ਚ ਸਕਿਆਂ ਭਰਾਵਾਂ ਵਾਂਗ ਹਨ। ਇਸ ਜਜ਼ਬਾਤੀ ਤੇ ਪਰਿਵਾਰਕ ਸੁਮੇਲ ਨੇ ਭਾਰਦਵਾਜ ਦਾ ਪੱਖ ਸਭ ਤੋਂ ਉੱਪਰ ਕਰ ਦਿੱਤਾ ਹੈ।
ਇਥੇ ਹੀ ਬੱਸ ਨਹੀਂ ਹਸਨਪ੍ਰੀਤ ਭਾਰਦਵਾਜ ਨੂੰ ਮੇਅਰ ਬਣਾਉਣ ਦੀ ਮੰਗ ਹੁਣ ਸਿਰਫ਼ ਸਿਆਸੀ ਕਮਰਿਆਂ ਤਕ ਸੀਮਤ ਨਹੀਂ ਰਹੀ, ਬਲਕਿ ਇਹ ਬਰਨਾਲਾ ਦੇ ਲੋਕਾਂ ਦੀ ਇਕ ਮੁਹਿੰਮ ਬਣ ਚੁੱਕੀ ਹੈ। ਸ਼ਹਿਰ ਦੇ ਬਹੁ-ਗਿਣਤੀ ਲੋਕਾਂ, ਸਮਰਥਕਾਂ ਤੇ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਹਸਨਪ੍ਰੀਤ ਦੇ ਹੱਕ ’ਚ ਲਗਾਤਾਰ ਪੋਸਟਾਂ ਪਾ ਕੇ ਇਕ ਲਹਿਰ ਸਿਰਜੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੀਤ ਹੇਅਰ ਤੇ ਹਸਨਪ੍ਰੀਤ ਦੀ ਇਹ ਭਰਾਵਾਂ ਵਾਲੀ ਜੋੜੀ ਸ਼ਹਿਰ ਦੀ ਕਮਾਨ ਸੰਭਾਲਦੀ ਹੈ ਤਾਂ ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਇਕ ਨਵੀਂ ਤੇ ਵੱਡੀ ਰਫ਼ਤਾਰ ਮਿਲੇਗੀ। ਹੁਣ ਪੂਰੇ ਸ਼ਹਿਰ ਦੀਆਂ ਨਜ਼ਰਾਂ ਅਗਲੇ ਦਿਨੀਂ ਆਉਣ ਵਾਲੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮਹੀਨੇ ਦੇ ਪਹਿਲੇ ਦਿਨ ਵੱਡਾ ਝਟਕਾ ? ਐੱਲ.ਪੀ.ਜੀ ਤੋਂ ਲੈ ਕੇ ਯੂ.ਪੀ.ਆਈ. ਤੱਕ ਅੱਜ ਤੋਂ ਬਦਲੇ ਇਹ ਨਿਯਮ









Users Today : 10
Users Yesterday : 10
Users Last 7 days : 314