• ਮੈਰਿਜ ਪੈਲਸ ਅੱਗਿਓਂ ਸ਼ੀਸ਼ਮ ਦੇ ਮੋਟੇ ਰੁੱਖ ਪੁੱਟੇ, ਬਠਿੰਡਾ ਬਰਾਂਚ ਨਹਿਰ ਕਿਨਾਰੇ ਵੀ ਚੱਲੀ ਕੁਹਾੜੀ
• ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਜੰਗਲਾਤ ਦੀ ਜ਼ਮੀਨ ’ਚੋਂ ਬਣਾਏ ਜਾ ਰਹੇ ਰਸਤੇ
• ਮਾਮਲਾ ਧਿਆਨ ’ਚ ਲਿਆਉਣ ਦੇ 15 ਦਿਨਾਂ ਬਾਅਦ ਵੀ ਰੇਂਜ ਅਫ਼ਸਰ ਵੱਲੋਂ ਕਾਰਵਾਈ ਜ਼ੀਰੋ

ਪੰਜਾਬ ਇਸ ਵੇਲੇ ਭਿਆਨਕ ਪ੍ਰਦੂਸ਼ਣ ਅਤੇ ਰੁੱਖਾਂ ਦੀ ਭਾਰੀ ਘਾਟ ਦੀ ਮਾਰ ਝੱਲ ਰਿਹਾ ਹੈ। ਵਿਕਾਸ ਦੇ ਨਾਂ ’ਤੇ ਪਹਿਲਾਂ ਹੀ ਲੱਖਾਂ ਰੁੱਖਾਂ ਦੀ ਬਲੀ ਦਿੱਤੀ ਜਾ ਚੁੱਕੀ ਹੈ ਅਤੇ ਨਵੇਂ ਬੂਟੇ ਲਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦਾ 6 ਫੀਸਦੀ ਰਕਬਾ ਜੰਗਲਾਂ ਅਧੀਨ ਦਿਖਾਇਆ ਜਾਂਦਾ ਹੈ, ਪ੍ਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ 4 ਫੀਸਦੀ ਰਕਬਾ ਵੀ ਜੰਗਲਾਤ ਹੇਠ ਨਹੀਂ ਬਚਿਆ। ਇਸ ਸਭ ਦੇ ਦਰਮਿਆਨ ਵਣ ਵਿਭਾਗ ਦੇ ਕੁਝ ਭ੍ਰਿਸ਼ਟ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਰੁੱਖਾਂ ਦਾ ਸਫ਼ਾਇਆ ਅਤੇ ਨਾਜਾਇਜ਼ ਕਬਜ਼ੇ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਤਾਜ਼ਾ ਮਾਮਲਾ ਵਣ ਰੇਂਜ ਬਰਨਾਲਾ ਦੀ ਬੀਟ ਦੱਧਾਹੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰੁੱਖਾਂ ਦੀ ਨਾਜਾਇਜ਼ ਕਟਾਈ ਅਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ਿਆਂ ਦੀ ਭਰਮਾਰ ਹੋ ਚੁੱਕੀ ਹੈ। ਇਲਜ਼ਾਮ ਹਨ ਕਿ ਉੱਚ ਅਧਿਕਾਰੀ ਸਿਰਫ਼ ਸਰਕਾਰੀ ਗੱਡੀਆਂ ਵਿੱਚ ਤੇਲ ਫੂਕ ਕੇ ਅਤੇ ਦੌਰਿਆਂ ਦੇ ਨਾਂ ’ਤੇ ਖਾਨਾਪੂਰਤੀ ਕਰ ਰਹੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਕੋਈ ਠੋਸ ਜਾਂਚ ਨਹੀਂ ਹੋ ਰਹੀ।

ਜਾਣਕਾਰੀ ਅਨੁਸਾਰ ਦੱਧਾਹੂਰ ਬੀਟ ਦੇ ਇੰਚਾਰਜ ਵਣ ਗਾਰਡ ਅਤੇ ਬਲਾਕ ਅਫ਼ਸਰ ਦੀ ਮਿਲੀਭੁਗਤ ਨਾਲ ਰਾਏਕੋਟ-ਬਰਨਾਲਾ ਮੁੱਖ ਮਾਰਗ ’ਤੇ ਕਿਲੋਮੀਟਰ 27-28 ਦੇ ਖੱਬੇ ਪਾਸੇ ਇੱਕ ਨਵੇਂ ਬਣ ਰਹੇ ਮੈਰਿਜ ਪੈਲਸ ਦੇ ਸਾਹਮਣਿਓਂ ਸ਼ੀਸ਼ਮ ਦੇ ਤਿੰਨ ਵੱਡੇ ਰੁੱਖ ਜੜ੍ਹੋਂ ਪੁਟਵਾ ਦਿੱਤੇ ਗਏ। ਇਹਨਾਂ ਰੁੱਖਾਂ ਦੇ ਨਵੇਂ ਸ਼ੁਮਾਰੀ ਨੰਬਰ 209, 210 ਅਤੇ 211 ਦਰਜ ਹਨ। ਜੇਕਰ ਪੁਰਾਣੇ ਰਿਕਾਰਡ ਦੀ ਪੜਤਾਲ ਕੀਤੀ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਇੱਥੇ ਭਾਰੀ-ਭਰਕਮ ਸ਼ੀਸ਼ਮ ਦੇ ਦਰੱਖਤ ਖੜ੍ਹੇ ਸਨ, ਜਿਨ੍ਹਾਂ ਨੂੰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਵਢਵਾ ਦਿੱਤਾ ਗਿਆ।

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹਰੇ ਅਤੇ ਸੁੱਕੇ ਰੁੱਖਾਂ ਦੀ ਕਟਾਈ ’ਤੇ ਮੁਕੰਮਲ ਰੋਕ ਲਗਾਈ ਹੋਈ ਹੈ, ਪ੍ਰੰਤੂ ਫ਼ੀਲਡ ਕਰਮਚਾਰੀ ਇਨ੍ਹਾਂ ਹੁਕਮਾਂ ਨੂੰ ਟਿੱਚ ਸਮਝ ਰਹੇ ਹਨ। ਇਲਾਕੇ ਵਿੱਚ ਢਾਬਿਆਂ, ਪੈਲਸਾਂ, ਕਲੋਨੀਆਂ ਅਤੇ ਹੋਟਲਾਂ ਵਾਲਿਆਂ ਨੇ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ ਦੇ ਜੰਗਲਾਤ ਦੀ ਜ਼ਮੀਨ ਵਿੱਚੋਂ ਆਪਣੇ ਨਿੱਜੀ ਰਸਤੇ ਬਣਾਏ ਹੋਏ ਹਨ। ਵਣ ਐਕਟ 1980 ਅਨੁਸਾਰ ਜੰਗਲਾਤ ਦੀ ਜ਼ਮੀਨ ਕਿਸੇ ਹੋਰ ਮਕਸਦ ਲਈ ਵਰਤਣ ਵਾਸਤੇ ਵਿਭਾਗੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ, ਪਰ ਮਿਲੀਭੁਗਤ ਕਾਰਨ ਇਹ ਸਭ ਧੜੱਲੇ ਨਾਲ ਚੱਲ ਰਿਹਾ ਹੈ।

ਇਸੇ ਤਰ੍ਹਾਂ ਬਠਿੰਡਾ ਬਰਾਂਚ ਨਹਿਰ ਦੀ ਬੁਰਜੀ ਨੰਬਰ 125 ਤੋਂ 130 ਦੇ ਵਿਚਕਾਰ 6 ਤੋਂ 7 ਤਾਜ਼ੇ ਰੁੱਖ ਵੱਢੇ ਪਾਏ ਗਏ ਹਨ, ਜਿਨ੍ਹਾਂ ਬਾਰੇ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਇਨ੍ਹਾਂ ਬੁਰਜੀਆਂ ਦੇ ਦਾਇਰੇ ਵਿੱਚ ਪੁਰਾਣੀਆਂ ਇਮਾਰਤਾਂ ਦਾ ਮਲਬਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਭਵਿੱਖ ਵਿੱਚ ਨਵੇਂ ਬੂਟੇ ਲਾਉਣ ਦੀ ਗੁੰਜਾਇਸ਼ ਵੀ ਖ਼ਤਮ ਹੋ ਰਹੀ ਹੈ। ਲੋਕ ਬੇਖੌਫ਼ ਹੋ ਕੇ ਜੰਗਲਾਤ ਦੀ ਥਾਂ ਵਿੱਚੋਂ ਮਿੱਟੀ ਚੁੱਕ ਕੇ ਲਿਜਾ ਰਹੇ ਹਨ, ਜਿਸ ਨਾਲ ਰੁੱਖਾਂ ਦੀਆਂ ਜੜ੍ਹਾਂ ਨੰਗੀਆਂ ਹੋ ਕੇ ਮਾਮੂਲੀ ਹਵਾ ਨਾਲ ਹੀ ਧਰਤੀ ’ਤੇ ਡਿੱਗ ਰਹੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਵਣ ਰੇਂਜ ਅਫ਼ਸਰ ਸਵਰਨ ਸਿੰਘ ਦੇ ਧਿਆਨ ਵਿੱਚ ਲਿਆਂਦਿਆਂ ਕਰੀਬ 15 ਦਿਨ ਬੀਤ ਚੁੱਕੇ ਹਨ, ਪਰ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਉੱਚ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲਾਪਰਵਾਹ ਕਰਮਚਾਰੀਆਂ ਅਤੇ ਨਾਜਾਇਜ਼ ਕਟਾਈ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਚੇ-ਖੁਚੇ ਵਣ ਰਕਬੇ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ।









Users Today : 25
Users Yesterday : 25
Users Last 7 days : 321