ਨਵੀਂ ਦਿੱਲੀ: ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੇ ‘SIR’ (ਵੋਟਰ ਸੂਚੀ ਸੁਧਾਰ ਪ੍ਰਕਿਰਿਆ) ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਪੂਰੀ ਪ੍ਰਕਿਰਿਆ ਦੀ ਨੀਅਤ ਠੀਕ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕਰੋੜਾਂ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ, ਉਹ ਸਿੱਧੇ ਤੌਰ ‘ਤੇ ਲੋਕਤੰਤਰ ਨਾਲ ਖਿਲਵਾੜ ਹੈ।
ਨਿਊਜ਼ ਏਜੰਸੀ ANI ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸਾਬਕਾ ਚੋਣ ਕਮਿਸ਼ਨਰ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ।
“ਵੋਟ ਦਾ ਅਧਿਕਾਰ ਚੋਣ ਕਮਿਸ਼ਨ ਦੀ ਖ਼ੈਰਾਤ ਨਹੀਂ”
ਐੱਸ. ਵਾਈ. ਕੁਰੈਸ਼ੀ ਨੇ ਚੋਣ ਕਮਿਸ਼ਨ ਦੇ ਰਵੱਈਏ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ:
“ਵੋਟ ਪਾਉਣ ਦਾ ਅਧਿਕਾਰ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਕੋਈ ਖ਼ੈਰਾਤ (ਭੀਖ) ਨਹੀਂ ਹੈ। ਤੁਸੀਂ ਤੇ ਮੈਂ, ਅਸੀਂ ਸਾਰੇ ਭਾਰਤ ਦੇ ਨਾਗਰਿਕ ਹਾਂ। ਸੰਵਿਧਾਨ ਦੀ ਧਾਰਾ 326 ਸਪੱਸ਼ਟ ਕਹਿੰਦੀ ਹੈ ਕਿ ਹਰ ਯੋਗ ਵਿਅਕਤੀ ਦਾ ਵੋਟਰ ਵਜੋਂ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਇਸ ਲਈ ਚੋਣ ਕਮਿਸ਼ਨ ਸਾਨੂੰ ਇਹ ਅਧਿਕਾਰ ਦੇ ਕੇ ਕੋਈ ਅਹਿਸਾਨ ਨਹੀਂ ਕਰ ਰਿਹਾ।”
ਨਾਗਰਿਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਰਿਹਾ ਚੋਣ ਕਮਿਸ਼ਨ: ਕੁਰੈਸ਼ੀ
ਕੁਰੈਸ਼ੀ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਅਜਿਹੀਆਂ ਪ੍ਰਕਿਰਿਆਵਾਂ ਰਾਹੀਂ ਵੋਟਰਾਂ ਦੀ ਜ਼ਿੰਦਗੀ ਨੂੰ ਹੋਰ ਮੁਸ਼ਕਿਲ ਬਣਾ ਰਿਹਾ ਹੈ। ਉਨ੍ਹਾਂ ਬੰਗਾਲ ਚੋਣਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਕਰੀਬ 27 ਲੱਖ ਵੋਟਰ ਵੋਟ ਪਾਉਣ ਤੋਂ ਵਾਂਝੇ ਰਹਿ ਗਏ, ਜਿਸ ਦਾ ਸਿੱਧਾ ਅਸਰ ਚੋਣ ਨਤੀਜਿਆਂ ‘ਤੇ ਪਿਆ।
ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੀ ਸਰਵਉੱਚ ਅਦਾਲਤ ‘ਤੇ ਵੀ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਲਈ ਸੁਪਰੀਮ ਕੋਰਟ ਨੂੰ ਜਿਸ ਤਰ੍ਹਾਂ ਅੱਗੇ ਆਉਣਾ ਚਾਹੀਦਾ ਸੀ, ਉਸ ਨੇ ਸਾਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਬੰਗਾਲ, ਬਿਹਾਰ ਅਤੇ ਅਸਾਮ ਦੇ ਮੁੱਖ ਮੰਤਰੀਆਂ ਮੁਤਾਬਕ ਜੇਕਰ ਵੋਟਰ ਲਿਸਟ ਵਿੱਚ ਨਾਮ ਨਹੀਂ ਹੋਵੇਗਾ, ਤਾਂ ਨਾਗਰਿਕ ਆਪਣੇ ਕਈ ਹੋਰ ਸਰਕਾਰੀ ਅਧਿਕਾਰ ਵੀ ਗੁਆ ਸਕਦੇ ਹਨ।
ਵਿਰੋਧੀ ਪਾਰਟੀਆਂ ਵੀ ਚੁੱਕ ਚੁੱਕੀਆਂ ਹਨ ਸਵਾਲ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਵਿਰੋਧੀ ਸਿਆਸੀ ਪਾਰਟੀਆਂ ਵੀ ਬੰਗਾਲ ਅਤੇ ਬਿਹਾਰ ਸਮੇਤ ਕਈ ਰਾਜਾਂ ਵਿੱਚ ਇਸ ਪ੍ਰਕਿਰਿਆ ਦੀ ਸਖ਼ਤ ਆਲੋਚਨਾ ਕਰ ਚੁੱਕੀਆਂ ਹਨ। ਵਿਰੋਧੀਆਂ ਦਾ ਮੰਨਣਾ ਹੈ ਕਿ ਇਸ ਪ੍ਰਕਿਰਿਆ ਨਾਲ ਅਸਲ ਅਤੇ ਯੋਗ ਵੋਟਰ ਪ੍ਰਭਾਵਿਤ ਹੋ ਰਹੇ ਹਨ, ਜਦੋਂ ਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਸੁਧਾਰ (Revision) ਦਾ ਮਕਸਦ ਵੋਟਰ ਸੂਚੀ ਨੂੰ ਸਹੀ ਅਤੇ ਅਪਡੇਟ ਕਰਨਾ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਥਾਣਾ ਭਦੌੜ ਅੱਗੇ ਅਣਮਿਥੇ ਸਮੇਂ ਲਈ ਵਿਸ਼ਾਲ ਧਰਨਾ ਸ਼ੁਰੂ, ਝੂਠਾ ਮੁਕੱਦਮਾ ਰੱਦ ਕਰਨ ਦੀ ਉੱਠੀ ਜ਼ੋਰਦਾਰ ਮੰਗ









Users Today : 100
Users Yesterday : 96
Users Last 7 days : 645