ਮਹਿਜ਼ ਕੁਝ ਹਜ਼ਾਰ ਰੁਪਏ ਤੇ ਟਾਹਲੀ ਦੇ ਦਰੱਖਤ ਪਿੱਛੇ ਉੱਜੜਿਆ ਹੱਸਦਾ-ਵੱਸਦਾ ਪਰਿਵਾਰ; ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ `ਤੇ ਦਰਜ ਕੀਤਾ ਕਤਲ ਦਾ ਪਰਚਾ
ਬਰਨਾਲਾ ਬਿਊਰੋ 17 ਅਪ੍ਰੈਲ
ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਬਡਬਰ ’ਚ ਜ਼ਮੀਨ ਦੇ ਮਾਮੂਲੀ ਝਗੜੇ ਤੇ ਪੈਸਿਆਂ ਦੇ ਲੈਣ-ਦੇਣ ਨੇ ਅਜਿਹਾ ਖ਼ੂਨੀ ਰੂਪ ਧਾਰ ਲਿਆ ਕਿ ਇਕ ਸਕੇ ਛੋਟੇ ਭਰਾ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਛਿੱਕੇ ਟੰਗਦਿਆਂ ਆਪਣੇ ਹੀ ਵੱਡੇ ਭਰਾ `ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਗੋਗਾ ਵਜੋਂ ਹੋਈ ਹੈ। ਇਸ ਵਹਿਸ਼ੀਆਨਾ ਹਮਲੇ ’ਚ ਮ੍ਰਿਤਕ ਦਾ ਨੌਕਰ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪਿੰਡ ਦੇ ਸਰਪੰਚ ਜੱਗਾ ਸਿੰਘ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਤੇ ਉਸ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਵਿਚਕਾਰ ਖੇਤ ’ਚ ਲੱਗੇ ਟਾਹਲੀ ਦੇ ਇਕ ਦਰੱਖਤ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ। ਹਾਲਾਂਕਿ ਪੰਚਾਇਤ ਤੇ ਪੁਲਿਸ ਵਲੋਂ ਇਸ ਮਸਲੇ ਨੂੰ ਸੁਲਝਾਉਣ ਲਈ ਅਗਲੇ ਦਿਨ ਦਾ ਸਮਾਂ ਤੈਅ ਕੀਤਾ ਗਿਆ ਸੀ। ਪਰ ਸੁਖਵਿੰਦਰ ਦੇ ਸਿਰ `ਤੇ ਖ਼ੂਨ ਸਵਾਰ ਸੀ। ਅੱਜ ਜਦੋਂ ਮਨਜਿੰਦਰ ਸਿੰਘ ਆਪਣੇ ਸੀਰੀ ਸੋਨੀ ਨਾਲ ਮੋਟਰਸਾਈਕਲ `ਤੇ ਸਵਾਰ ਹੋ ਕੇ ਘਰੋਂ ਨਿਕਲਿਆ, ਤਾਂ ਸੁਖਵਿੰਦਰ ਸਿੰਘ ਨੇ ਪਿੱਛੇ ਤੋਂ ਤੇਜ਼ ਰਫ਼ਤਾਰ ਟਰੈਕਟਰ ਲਿਆ ਕੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਜਦੋਂ ਦੋਵੇਂ ਸੜਕ `ਤੇ ਡਿੱਗ ਪਏ ਤਾਂ ਸੁਖਵਿੰਦਰ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਮਨਜਿੰਦਰ `ਤੇ ਕਈ ਵਾਰ ਟਰੈਕਟਰ ਚੜ੍ਹਾ ਦਿੱਤਾ। ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਹਮਲੇ ’ਚ ਨੌਕਰ ਸੋਨੀ ਦੀ ਲੱਤ ਟੁੱਟ ਗਈ ਤੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਘਟਨਾ ਸਥਾਨ ’ਤੇ ਪੁੱਜਣ ’ਤੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ `ਤੇ ਮੁਲਜ਼ਮ ਸੁਖਵਿੰਦਰ ਸਿੰਘ ਬਿੰਦਾ ਖ਼ਿਲਾਫ਼ ਕਤਲ ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫ਼ਿਲਹਾਲ ਫ਼ਰਾਰ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ।
70 ਹਜ਼ਾਰ ਰੁਪਏ ਤੇ ਦਰੱਖਤ ਦਾ ਸੀ ਵਿਵਾਦ
ਮ੍ਰਿਤਕ ਦੇ ਬਦਕਿਸਮਤ ਮਾਤਾ ਜਗਦੀਸ਼ ਕੌਰ ਤੇ ਪਿਤਾ ਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਦੋਵੇਂ ਭਰਾ ਇਕੋਂ ਘਰ ’ਚ ਰਹਿੰਦੇ ਸਨ ਤੇ ਇਕੱਠੇ ਹੀ ਖਾਂਦੇ-ਪੀਂਦੇ ਸਨ। ਉਨ੍ਹਾਂ ਦੱਸਿਆ ਕਿ ਝਗੜਾ ਮਹਿਜ਼ 70 ਹਜ਼ਾਰ ਰੁਪਏ ਦੇ ਹਿਸਾਬ-ਕਿਤਾਬ ਤੇ ਇਕ ਦਰੱਖਤ ਦਾ ਸੀ। ਮਾਪਿਆਂ ਨੇ ਕਦੇ ਸੁਪਨੇ ’ਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦਾ ਆਪਣਾ ਹੀ ਪੁੱਤ ਦੂਜੇ ਪੁੱਤ ਦਾ ਕਾਤਲ ਬਣ ਜਾਵੇਗਾ। ਇਸ ਘਟਨਾ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਹਰ ਅੱਖ ਨਮ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਦੀ ਧੀ ਜਿਨਾਲ ਮਿੱਤਲ, ਮਾਪਿਆਂ ਅਤੇ ਅਧਿਆਪਕਾਂ ਨੂੰ ਉਸਦੀ ਪ੍ਰਾਪਤੀ ਲਈ ਦਿੱਤੀ ਮੁਬਾਰਕਬਾਦ।








Users Today : 3
Users Yesterday : 26
Users Last 7 days : 127