ਬੇਅੰਤ ਬਰਨਾਲਾ ।
ਭਾਰਤ ਅਤੇ ਅਮਰੀਕਾ ਦਰਮਿਆਨ ਹੋਣ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਵੱਲੋਂ ਆਗਾਮੀ ਦਸ ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਵਿਸ਼ਾਲ ਪ੍ਰਦਰਸ਼ਨ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ ਜਿਸ ਦਾ ਜਾਇਜ਼ਾ ਲੈਣ ਲਈ ਅੱਜ ਬਰਨਾਲਾ ਦੇ ਪਿੰਡ ਚੀਮਾ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਸੂਬਾਈ ਮੀਟਿੰਗ ਕੀਤੀ ਗਈ ਜਿਸ ਵਿੱਚ ਤਿਆਰੀਆਂ ਦੇ ਪ੍ਰਬੰਧਾਂ ‘ਤੇ ਪੂਰੀ ਤਸੱਲੀ ਪ੍ਰਗਟਾਈ ਗਈ। ਮੀਟਿੰਗ ਦੇ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਇਹ ਭਾਰਤ ਅਮਰੀਕਾ ਸਮਝੌਤਾ ਦੇਸ਼ ਦੇ ਆਮ ਲੋਕਾਂ ਦਾ ਜਿਊਣਾ ਦੁੱਬਰ ਕਰ ਦੇਵੇਗਾ ਅਤੇ ਸਥਾਨਕ ਕਾਰੋਬਾਰਾਂ ਨੂੰ ਪੂਰੀ ਤਰ੍ਹਾਂ ਉਜਾੜ ਕੇ ਰੱਖ ਦੇਵੇਗਾ ਜਿਸ ਦੇ ਵਿਰੋਧ ਵਿੱਚ ਅਤੇ ਇਸ ਦੇ ਨਾਲ ਹੀ ਅਮਰੀਕਾ ਤੇ ਇਸਰਾਈਲ ਵੱਲੋਂ ਥੋਪੀ ਗਈ ਨਾਜਾਇਜ਼ ਜੰਗ ਦੇ ਖਿਲਾਫ ਅਤੇ ਰਸੋਈ ਗੈਸ, ਖਾਦਾਂ, ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਵਾਪਸ ਕਰਵਾਉਣ ਲਈ ਚੰਡੀਗੜ੍ਹ ਦੀ ਧਰਤੀ ‘ਤੇ ਇਹ ਵੱਡਾ ਐਕਸ਼ਨ ਉਲੀਕਿਆ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਮੂਹ ਕਿਰਤੀ ਲੋਕਾਂ ਅਤੇ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਹੁੰਮ-ਹੁਮਾ ਕੇ ਚੰਡੀਗੜ੍ਹ ਪਹੁੰਚਣ ਦਾ ਜੋਸ਼ੀਲਾ ਸੱਦਾ ਦਿੱਤਾ ਕਿਉਂਕਿ ਜੇਕਰ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਖਤਰੇ ਵਿੱਚ ਪੈ ਜਾਵੇਗਾ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਏ ਸਹਾਇਕ ਧੰਦੇ ਜਿਵੇਂ ਕਿ ਦੁੱਧ ਦਾ ਕਾਰੋਬਾਰ ਅਤੇ ਹੋਰ ਸਥਾਨਕ ਧੰਦੇ ਪੂਰੀ ਤਰ੍ਹਾਂ ਚੌਪਟ ਹੋ ਜਾਣਗੇ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਅਮਰੀਕਾ ਪੂਰੀ ਦੁਨੀਆ ਵਿੱਚ ਚੌਧਰੀ ਬਣਿਆ ਹੋਇਆ ਹੈ ਅਤੇ ਆਪਣੇ ਹਿੱਤ ਦੇ ਫੈਸਲੇ ਧੱਕੇਸ਼ਾਹੀ ਨਾਲ ਕਰਵਾ ਰਿਹਾ ਹੈ ਅਤੇ ਜਿਹੜੇ ਮੁਲਕ ਉਸ ਦੀ ਗੱਲ ਨਹੀਂ ਮੰਨਦੇ ਉਨ੍ਹਾਂ ‘ਤੇ ਹਮਲੇ ਕਰਕੇ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣ ਦੇ ਯਤਨ ਕਰ ਰਿਹਾ ਹੈ ਜਿਵੇਂ ਕਿ ਇਸਰਾਈਲ ਦੇ ਮੋਢੇ ‘ਤੇ ਬੰਦੂਕ ਰੱਖ ਕੇ ਇਰਾਨ ‘ਤੇ ਹਮਲਾ ਕਰਕੇ ਉੱਥੋਂ ਦੇ ਨਿਰਦੋਸ਼ ਲੋਕਾਂ ਦਾ ਘਾਣ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਸਾਡੇ ਦੇਸ਼ ਦੇ ਹਾਕਮ ਵੀ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਤਾਕਤ ਦੇ ਜ਼ੋਰ ਨਾਲ ਦਬਾਉਣ ਵਿੱਚ ਲੱਗੇ ਹੋਏ ਹਨ ਅਤੇ ਸਾਡੇ ਜਮਹੂਰੀ ਹੱਕਾਂ ਨੂੰ ਖੋਹ ਰਹੇ ਹਨ ਜਿਸ ਕਰਕੇ ਜੇਕਰ ਜਮਹੂਰੀ ਹੱਕ ਹੀ ਨਾ ਬਚੇ ਤਾਂ ਮੰਗਾਂ ਅਤੇ ਮਸਲਿਆਂ ਦੇ ਹੱਲ ਬਹੁਤ ਦੂਰ ਦੀ ਗੱਲ ਹੋ ਜਾਵੇਗੀ। ਇਸ ਮੀਟਿੰਗ ਵਿੱਚ ਜਥੇਬੰਦਕ ਚੋਣ ਇਜਲਾਸ ਸਬੰਧੀ ਅਹਿਮ ਫੈਸਲਾ ਲੈਂਦਿਆਂ ਪੰਦਰਾਂ ਜੁਲਾਈ ਤੱਕ ਪਿੰਡਾਂ ਦੀਆਂ ਕਮੇਟੀਆਂ ਦੇ ਚੋਣ ਕਾਰਜ ਮੁਕੰਮਲ ਕਰਨ ਅਤੇ ਫੰਡਾਂ ਦੇ ਹਿਸਾਬ-ਕਿਤਾਬ ਲਈ ਬੈਂਕ ਖਾਤੇ ਖੁਲਵਾਉਣ ਦੇ ਆਦੇਸ਼ ਦਿੱਤੇ ਗਏ ਤਾਂ ਜੋ ਇਸ ਤੋਂ ਬਾਅਦ ਬਲਾਕ ਪੱਧਰੀ ਚੋਣਾਂ ਦਾ ਸਿਲਸਿਲਾ ਸ਼ੁਰੂ ਕਰਕੇ ਸੂਬਾ ਇਜਲਾਸ ਦੀ ਤਿਆਰੀ ਕੀਤੀ ਜਾ ਸਕੇ। ਮੀਟਿੰਗ ਦੌਰਾਨ ਬਿਜਲੀ ਸੰਕਟ ਬਾਰੇ ਚਰਚਾ ਕਰਦਿਆਂ ਆਗੂਆਂ ਨੇ ਮਹਿਸੂਸ ਕੀਤਾ ਕਿ ਹਾਲ ਹੀ ਵਿੱਚ ਹੋਈ ਚੰਗੀ ਬਾਰਸ਼ ਸਦਕਾ ਇਹ ਸਮੱਸਿਆ ਕੁਝ ਹੱਦ ਤੱਕ ਹੱਲ ਹੋਈ ਹੈ ਪਰ ਫਿਰ ਵੀ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਜੇਕਰ ਕਿਤੇ ਵੀ ਬਿਜਲੀ ਦੀ ਕਿੱਲਤ ਆਉਂਦੀ ਹੈ ਤਾਂ ਤੁਰੰਤ ਬਿਜਲੀ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ ਅਤੇ ਨਾਲ ਹੀ ਬਾਈ ਜੁਲਾਈ ਨੂੰ ਪੂਰੇ ਪੰਜਾਬ ਅੰਦਰ ਟੋਲ ਪਲਾਜ਼ੇ ਮੁਕਤ ਕਰਕੇ ਵੱਡੇ ਧਰਨੇ ਲਾਉਣ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਵੀ ਕੀਤੀ ਗਈ ਜਿਸ ਵਿੱਚ ਮਹਿਲਾ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲ ਬਰਨਾਲਾ, ਬਚਿੱਤਰ ਕੌਰ ਮੋਗਾ, ਬਿੰਦਰਪਾਲ ਭਦੌੜ ਸਮੇਤ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਕੈਬਨਿਟ ਮੀਟਿੰਗ ਦੇ ਫੈਸਲਿਆਂ ਨੂੰ ਜਨਤਕ ਨਾ ਕਰਨ ‘ਤੇ ਉੱਠੇ ਵੱਡੇ ਸਵਾਲ, ਅੰਦਰਖਾਤੇ ਜ਼ਮੀਨ ਪ੍ਰਾਪਤੀ ਨੀਤੀ ਸਣੇ ਕਈ ਅਹਿਮ ਮਤਿਆਂ ਨੂੰ ਦਿੱਤੀ ਮਨਜ਼ੂਰੀ









Users Today : 15
Users Yesterday : 92
Users Last 7 days : 642