ਬਰਨਾਲਾ ਬਿਊਰੋ 27 ਅਪ੍ਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਐਤਵਾਰ ਨੂੰ ਅਧਿਆਪਕ ਯੋਗਤਾ ਪ੍ਰੀਖਿਆ ਪੂਰੀ ਪਾਰਦਰਸ਼ਤਾ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਹੋਈ। ਪ੍ਰੀਖਿਆ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਐੱਸਐੱਚਓ ਅਜੈਬ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਉੱਥੇ ਹੀ ਸਕੂਲ ਪ੍ਰਬੰਧਕਾਂ ਵਲੋਂ ਵੀ ਨਿਗਰਾਨੀ ਦਾ ਘੇਰਾ ਕਾਫੀ ਸਖ਼ਤ ਰੱਖਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਜਾਂ ਨਕਲ ਦੀ ਗੁੰਜਾਇਸ਼ ਨਾ ਰਹੇ। ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਸਮੇਂ ਹਰ ਪ੍ਰੀਖਿਆਰਥੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਵਿਭਾਗੀ ਟੀਮਾਂ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ ਕੋਈ ਵੀ ਵਰਜਿਤ ਵਸਤੂ ਪ੍ਰੀਖਿਆ ਹਾਲ ਦੇ ਅੰਦਰ ਨਾ ਜਾ ਸਕੇ।

ਇਸ ਤੋਂ ਇਲਾਵਾ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਹਰ ਉਮੀਦਵਾਰ ਦੀ ਬਾਇਓਮੈਟ੍ਰਿਕ ਹਾਜ਼ਰੀ ਲਗਾਈ ਗਈ। ਬਾਇਓਮੈਟ੍ਰਿਕ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਕਮਰਿਆਂ ’ਚ ਜਾਣ ਦੀ ਇਜਾਜ਼ਤ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ’ਚ ਪੇਪਰ-1 ਤੇ ਪੇਪਰ-2 ਲਈ ਇਸ ਸਕੂਲ ਨੂੰ ਇਕੋ-ਇਕ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਪੇਪਰ-2 ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ’ਚ 9:30 ਵਜੇ ਤੋਂ 12:00 ਵਜੇ ਤਕ ਹੋਈ। ਇਸ ’ਚ ਕੁਲ 516 ਉਮੀਦਵਾਰਾਂ ’ਚੋਂ 478 ਹਾਜ਼ਰ ਰਹੇ। ਜਦਕਿ 38 ਉਮੀਦਵਾਰ ਗੈਰ-ਹਾਜ਼ਰ ਪਾਏ ਗਏ। ਪੇਪਰ-1 ਦੇ ਦੂਜੇ ਸੈਸ਼ਨ ਦੀ ਪ੍ਰੀਖਿਆ ਦੁਪਹਿਰ ਬਾਅਦ 2:30 ਵਜੇ ਤੋਂ ਸ਼ਾਮ 5:00 ਵਜੇ ਤਕ ਚੱਲੀ। ਇਸ ’ਚ ਕੁਲ 477 ਪ੍ਰੀਖਿਆਰਥੀਆਂ ’ਚੋਂ 466 ਨੇ ਪ੍ਰੀਖਿਆ ਦਿੱਤੀ ਤੇ ਸਿਰਫ਼ 11 ਉਮੀਦਵਾਰ ਗੈਰ-ਹਾਜ਼ਰ ਰਹੇ।
ਪ੍ਰਬੰਧਾਂ `ਤੇ ਤਸੱਲੀ ਦਾ ਪ੍ਰਗਟਾਵਾ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਨੀਤਇੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਸਨ। ਸਕੂਲ ਸਟਾਫ਼ ਤੇ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਦੋਵੇਂ ਸੈਸ਼ਨਾਂ ਦੀ ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ ਹੈ। ਪ੍ਰੀਖਿਆਰਥੀਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਤੇ ਬੈਠਣ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ









Users Today : 10
Users Yesterday : 10
Users Last 7 days : 314