ਕਿਸਾਨਾਂ-ਮਜ਼ਦੂਰਾਂ ਨੇ ਖਰੀਦ ਤੇ ਲਿਫਟਿੰਗ ਤੁਰੰਤ ਤੇਜ਼ ਕਰਨ ਦੀ ਮੰਗ ਕੀਤੀ
ਬਰਨਾਲਾ ਬਿਊਰੋ 22 ਅਪ੍ਰੈਲ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪਿੰਡ ਗੁਰਮ ਇਕਾਈ ਵੱਲੋਂ ਇਕਾਈ ਪ੍ਰਧਾਨ ਮੇਜਰ ਸਿੰਘ ਗੁਰਮ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਖਰੀਦ ਕੇਂਦਰ ਗੁਰਮ ਵਿਖੇ ਕਣਕ ਦੀ ਖਰੀਦ ਢਿੱਲੀ ਹੋਣ ਅਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੇ ਸਰਕਾਰ ਅਤੇ ਅਧਿਕਾਰੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਡੀ ਅੰਦਰ ਲਿਫਟਿੰਗ ਦਾ ਕੰਮ ਤੁਰੰਤ ਤੇਜ਼ ਕਰਨ, ਕਣਕ ਦੀ ਖਰੀਦ ਵਿੱਚ ਰਫ਼ਤਾਰ ਲਿਆਉਣ ਅਤੇ ਕਿਸਾਨਾਂ ਲਈ ਫਸਲ ਰੱਖਣ ਵਾਸਤੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਾਕ ਖਜਾਨਚੀ ਮਾਨ ਸਿੰਘ ਗੁਰਮ, ਇਕਾਈ ਪ੍ਰਧਾਨ ਮੇਜਰ ਸਿੰਘ ਗੁਰਮ, ਦਰਬਾਰਾ ਸਿੰਘ ਗੁਰਮ ਅਤੇ ਹਰਵਿੰਦਰ ਸਿੰਘ ਗੁਰਮ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਵੱਲੋਂ ਹਰ ਸਾਲ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਖਰੀਦ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪਰ ਹਕੀਕਤ ਵਿੱਚ ਮੰਡੀਆਂ ਵਿੱਚ ਖਰੀਦ ਦੀ ਰਫ਼ਤਾਰ ਢਿੱਲੀ ਅਤੇ ਲਿਫਟਿੰਗ ਸਮੇਂ ਸਿਰ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਗੁਰਮ ਵਿੱਚ ਕਣਕ ਦੀਆਂ ਢੇਰੀਆਂ ਵੱਧਣ ਕਾਰਨ ਨਵੀਂ ਫਸਲ ਰੱਖਣ ਲਈ ਥਾਂ ਨਹੀਂ ਬਚੀ, ਜਿਸ ਨਾਲ ਕਿਸਾਨ ਅਤੇ ਮਜ਼ਦੂਰ ਖੱਜਲਖੁਆਰ ਹੋ ਰਹੇ ਹਨ। ਕਿਸਾਨ ਗੁਰਮੇਲ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਆਪਣੀ ਕਣਕ ਮੰਡੀ ਵਿੱਚ ਲਿਆ ਕੇ ਬੈਠੇ ਹਨ ਪਰ ਖਰੀਦ ਨਹੀਂ ਹੋ ਰਹੀ। ਮੰਡੀ ਵਿੱਚ ਲਗਾਤਾਰ ਆ ਰਹੀ ਕਣਕ ਦੇ ਬਾਵਜੂਦ ਲਿਫਟਿੰਗ ਨਾ ਹੋਣ ਕਰਕੇ ਨਵੀਂ ਫਸਲ ਲਈ ਜਗ੍ਹਾ ਦੀ ਘਾਟ ਪੈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਲਿਫਟਿੰਗ ਅਤੇ ਖਰੀਦ ਤੁਰੰਤ ਤੇਜ਼ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੀ ਫਸਲ ਆਸਾਨੀ ਨਾਲ ਵੇਚ ਸਕਣ। ਇਸ ਮੌਕੇ ਮਜ਼ਦੂਰ ਜਗਸੀਰ ਸਿੰਘ, ਅਰਜਿੰਦਰ ਸਿੰਘ, ਬਲਵੀਰ ਸਿੰਘ, ਦਵਿੰਦਰ ਦਾਸ, ਕਮਲਦੀਪ ਸਿੰਘ ਸਮੇਤ ਹੋਰ ਮਜ਼ਦੂਰ ਅਤੇ ਕਿਸਾਨ ਵੀ ਹਾਜ਼ਰ ਸਨ। ਉਧਰ ਮਾਰਕੀਟ ਕਮੇਟੀ ਦੇ ਸਕੱਤਰ ਦੀਨਪਾਲ ਸਿੰਘ ਧੂਰੀ ਨੇ ਕਿਹਾ ਕਿ ਸਰਕਾਰ ਅਤੇ ਮੰਡੀਕਰਨ ਬੋਰਡ ਵੱਲੋਂ ਖਰੀਦ ਕੇਂਦਰਾਂ ਵਿੱਚ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਦਾ ਕੰਮ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਗੁਰਮ ਖਰੀਦ ਕੇਂਦਰ ਵਿੱਚ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਲਿਫਟਿੰਗ ਦਾ ਕੰਮ ਵੀ ਏਜੰਸੀ ਵੱਲੋਂ ਤੇਜ਼ੀ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਮੱਸਿਆ ਆਉਣ ’ਤੇ ਤੁਰੰਤ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਸਮੇਂ ਸਿਰ ਹੱਲ ਕੀਤਾ ਜਾ ਸਕੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਅਸਪਾਲਾ ਨੇੜੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ; ਦੋ ਨੌਜਵਾਨ ਗੰਭੀਰ ਜ਼ਖ਼ਮੀ, ਰੈਫਰ









Users Today : 20
Users Yesterday : 18
Users Last 7 days : 130