ਬਰਨਾਲਾ ਬਿਊਰੋ 14 ਮਾਰਚ
ਬਰਨਾਲਾ ਦੇ ਇਤਿਹਾਸਕ ਖੇਤਰ ਕਿਲ੍ਹਾ ਮੁਹੱਲਾ ’ਚ ਪਾਣੀ ਦੀ ਭਾਰੀ ਕਿੱਲਤ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਵੀਰਵਾਰ ਸਵੇਰੇ ਮੁਹੱਲਾ ਨਿਵਾਸੀਆਂ ਦਾ ਇਕ ਵਫ਼ਦ ਪੁਨੀਤ ਕੌਸ਼ਲ ਮੋਨੂੰ ਦੀ ਅਗਵਾਈ ਹੇਠ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਕਸੀਅਨ ਨੂੰ ਮਿਲਿਆ। ਵਫ਼ਦ ਨੇ ਐਕਸੀਅਨ ਨੂੰ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਮੁਹੱਲੇ ’ਚ ਸੁੱਕ ਚੁੱਕੇ ਟਿਊਬਵੈੱਲ ਤੇ ਪ੍ਰਸ਼ਾਸਨਿਕ ਅਣਗਹਿਲੀ ਵਿਰੁੱਧ ਰੋਸ ਪ੍ਰਗਟਾਇਆ। ਪੁਨੀਤ ਕੌਸ਼ਲ ਮੋਨੂੰ ਨੇ ਦੱਸਿਆ ਕਿ ਇਲਾਕੇ ਦੀ ਸਪਲਾਈ ਲਈ ਜ਼ਿੰਮੇਵਾਰ ਟਿਊਬਵੈਲ ਨੰਬਰ-3 ਪਿਛਲੇ ਲੰਬੇ ਸਮੇਂ ਤੋਂ ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੈ। ਪਾਣੀ ਦਾ ਪੱਧਰ ਨੀਵਾਂ ਜਾਣ ਕਾਰਨ ਸਪਲਾਈ ਲਗਭਗ ਠਪ ਹੋ ਚੁੱਕੀ ਹੈ। ਲੋਕਾਂ ਅਨੁਸਾਰ ਸਰਦੀਆਂ ਦੇ ਦਿਨਾਂ ’ਚ ਵੀ ਉਨ੍ਹਾਂ ਨੂੰ 3 ਤੋਂ 4 ਦਿਨਾਂ ਬਾਅਦ ਮਸਾਂ ਪਾਣੀ ਮਿਲ ਰਿਹਾ ਹੈ। ਹੁਣ ਜਦੋਂ ਗਰਮੀ ਨੇ ਦਸਤਕ ਦੇ ਦਿੱਤੀ ਹੈ ਤਾਂ ਪਾਣੀ ਦੀ ਮੰਗ ਵਧਣ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਔਰਤਾਂ ਨੇ ਸ਼ਿਕਾਇਤ ਕੀਤੀ ਕਿ ਪਾਣੀ ਦੀ ਘਾਟ ਕਾਰਨ ਨਹਾਉਣ ਤੇ ਘਰ ਦੀ ਰਸੋਈ ਤੋਂ ਲੈ ਕੇ ਸਫਾਈ ਤਕ ਦੇ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਸ਼ਿਕਾਇਤ ਦਰਜ ਕਰਵਾਉਣ ਸਮੇਂ ਪੁਨੀਤ ਕੌਸ਼ਲ ਮੋਨੂੰ ਦੇ ਨਾਲ ਵੱਡੀ ਗਿਣਤੀ ਸੀਤਾ ਦੇਵੀ, ਆਸ਼ਾ ਰਾਣੀ, ਸ਼ਕੁੰਤਲਾ ਦੇਵੀ, ਰੀਟਾ ਰਾਣੀ, ਨੀਨਾ ਰਾਣੀ, ਰੱਜੋ ਰਾਣੀ, ਮਾਲਾ ਰਾਣੀ, ਮੁੰਨਾ ਸ਼ਰਮਾ, ਕੋਮਲ ਸ਼ਰਮਾ, ਬ੍ਰਿਜ ਮੋਹਨ ਸ਼ਰਮਾ, ਹੇਮ ਲਤਾ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਮੁਰੰਮਤ ਨਹੀਂ, ਨਵਾਂ ਡੂੰਘਾ ਬੋਰ ਹੀ ਇਕੋ-ਇਕ ਹੱਲ
ਐਕਸੀਅਨ ਨੂੰ ਮਿਲੇ ਵਫ਼ਦ ਨੇ ਸਪੱਸ਼ਟ ਕੀਤਾ ਕਿ ਵਿਭਾਗ ਵਲੋਂ ਵਾਰ-ਵਾਰ ਕੀਤੀਆਂ ਜਾਂਦੀਆਂ ਆਰਜ਼ੀ ਮੁਰੰਮਤਾਂ ਹੁਣ ਕਾਰਗਰ ਸਾਬਿਤ ਨਹੀਂ ਹੋ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਟਿਊਬਵੈਲ ਨੰਬਰ-3 ਦਾ ਨਵਾਂ ਡੂੰਘਾ ਬੋਰ ਤੁਰੰਤ ਕਰਵਾਇਆ ਜਾਵੇ। ਪੁਨੀਤ ਕੌਸ਼ਲ ਮੋਨੂੰ ਨੇ ਕਿਹਾ ਕਿ ਜੇਕਰ ਗਰਮੀ ਵਧਣ ਤੋਂ ਪਹਿਲਾਂ ਨਵਾਂ ਬੋਰ ਨਾ ਕੀਤਾ ਗਿਆ ਤਾਂ ਪੂਰੇ ਇਲਾਕੇ ’ਚ ਪਾਣੀ ਲਈ ਤਰਾਹੀ-ਤਰਾਹੀ ਮਚ ਜਾਵੇਗੀ। ਜਿਸ ਦੀ ਸਾਰੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।
ਐਕਸੀਅਨ ਨੇ ਨਵੀਂ ਮੋਟਰ ਦਾ ਕੀਤਾ ਪ੍ਰਬੰਧ
ਐਕਸੀਅਨ ਸਤਵਿੰਦਰ ਸਿੰਘ ਢਿੱਲੋਂ ਨੇ ਮੌਕੇ ’ਤੇ ਹੀ ਐੱਸਡੀਓ ਤੇ ਜੇਈ ਨਾਲ ਇਸ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਤੇ ਵਫਦ ਨੂੰ ਕਿਹਾ ਕਿ ਦੋ ਦਿਨਾਂ ’ਚ ਨਵੀਂ ਮੋਟਰ ਦੇ ਦਿੱਤੀ ਜਾਵੇਗੀ ਤਾਂ ਜੋ ਪੁਰਾਣੀ ਮੋਟਰ ਖਰਾਬ ਹੋਣ ਉਪਰੰਤ ਤਰੁੰਤ ਬਦਲੀ ਕਰਕੇ ਪਾਣੀ ਦੀ ਸਪਲਾਈ ਨੂੰ ਚਾਲੂ ਕੀਤਾ ਜਾ ਸਕੇ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਪਾਣੀ ਦੇ ਸਮੱਸਿਆ ਦੇ ਹੱਲ ਲਈ ਨਵੇਂ ਟਿਊਬਵੈੱਲ ਦਾ ਪ੍ਰਬੰਧ ਕਰਵਾਉਣਗੇ।
ਹੋਰ ਤਾਜ਼ਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਐਂਸ.ਬੀ.ਆਈ. ਬੈਂਕ ਨੂੰ ਲੱਗੀ ਭਿਆਨਕ ਅੱਗ









Users Today : 2
Users Yesterday : 9
Users Last 7 days : 236