ਸਿਲਾਈ ਕੜ੍ਹਾਈ ਤੋਂ ਸਫ਼ਰ ਸ਼ੁਰੂ ਕਰਕੇ ਬਣੀ ‘ਲੱਖਪਤੀ ਦੀਦੀ’; ਹਜ਼ਾਰਾਂ ਔਰਤਾਂ ਲਈ ਬਣੀ ਮਿਸਾਲ
ਬਰਨਾਲਾ, ਬਿਊਰੋ 7 ਮਾਰਚ
ਕੌਮਾਂਤਰੀ ਔਰਤ ਦਿਵਸ ਦੇ ਮੌਕੇ ‘ਤੇ ਜਿੱਥੇ ਦੁਨੀਆ ਭਰ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਹੋ ਰਹੀ ਹੈ, ਉੱਥੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਧੇਰ ਦੀ ਮਨਜੀਤ ਕੌਰ ਨੇ ਸਵੈ-ਸਹਾਇਤਾ ਗਰੁੱਪਾਂ ਰਾਹੀਂ ਆਪਣੀ ਤਕਦੀਰ ਬਦਲ ਕੇ ਮਹਿਲਾ ਸ਼ਕਤੀਕਰਨ ਦੀ ਇੱਕ ਜ਼ਿੰਦਾ ਮਿਸਾਲ ਪੇਸ਼ ਕੀਤੀ ਹੈ। ਕਦੇ ਘਰ ਵਿੱਚ ਸਿਲਾਈ ਕਰਕੇ ਗੁਜ਼ਾਰਾ ਕਰਨ ਵਾਲੀ ਮਨਜੀਤ ਕੌਰ ਅੱਜ ਨਾ ਸਿਰਫ਼ ਆਰਥਿਕ ਤੌਰ ‘ਤੇ ਮਜ਼ਬੂਤ ਹੈ, ਸਗੋਂ ਸੈਂਕੜੇ ਹੋਰ ਔਰਤਾਂ ਨੂੰ ਵੀ ਆਤਮ-ਨਿਰਭਰ ਬਣਾ ਰਹੀ ਹੈ।
ਸੰਘਰਸ਼ ਤੋਂ ਸਫਲਤਾ ਤੱਕ ਦਾ ਸਫ਼ਰ
36 ਸਾਲਾ ਮਨਜੀਤ ਕੌਰ ਨੇ ਦੱਸਿਆ ਕਿ 2005 ਵਿੱਚ ਪਿਤਾ ਦੀ ਮੌਤ ਅਤੇ 2006 ਵਿੱਚ ਵਿਆਹ ਹੋ ਜਾਣ ਕਾਰਨ ਉਸ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ। ਘਰ ਦੇ ਹਾਲਾਤ ਸੁਧਾਰਨ ਲਈ ਉਸ ਨੇ 2021 ਵਿੱਚ 10 ਔਰਤਾਂ ਨੂੰ ਨਾਲ ਲੈ ਕੇ ਪਿੰਡ ਦਾ ਪਹਿਲਾ “ਗੁਰੂ ਨਾਨਕ ਦੇਵ ਜੀ ਸਵੈ ਸਹਾਇਤਾ ਸਮੂਹ” ਬਣਾਇਆ। ਇਸ ਸਮੂਹ ਨੇ ਪੰਜਾਬ ਦੀ ਵਿਰਾਸਤੀ ਕਲਾ (ਪੱਖੀਆਂ, ਫੁਲਕਾਰੀਆਂ, ਪਰਾਂਦੇ) ਨੂੰ ਮੁੜ ਸੁਰਜੀਤ ਕਰਦਿਆਂ ਮੇਲਿਆਂ ਵਿੱਚ ਸਟਾਲ ਲਗਾਉਣੇ ਸ਼ੁਰੂ ਕੀਤੇ।
ਆਰਥਿਕ ਆਜ਼ਾਦੀ ਅਤੇ ਸਿੱਖਿਆ ਦੀ ਲਗਨ

ਸਰਕਾਰ ਵੱਲੋਂ ਮਿਲੇ ਰੀਵੋਲਵਿੰਗ ਫੰਡ ਅਤੇ ਕੈਸ਼ ਕ੍ਰੈਡਿਟ ਲਿਮਿਟ ਦੀ ਮਦਦ ਨਾਲ ਮਨਜੀਤ ਨੇ ਆਪਣੇ ਗਰੁੱਪ ਦਾ ਦਾਇਰਾ ਵਧਾਇਆ। ਅੱਜ ਉਹ ਕਲੱਸਟਰ ਲੈਵਲ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਕੰਮ ਦੇ ਨਾਲ-ਨਾਲ ਉਸ ਨੇ ਆਪਣੀ ਪੜ੍ਹਾਈ ਦੀ ਤਾਂਘ ਨੂੰ ਵੀ ਮਰਨ ਨਹੀਂ ਦਿੱਤਾ। ਸਾਲ 2023 ਵਿੱਚ 12ਵੀਂ ਪਾਸ ਕਰਨ ਤੋਂ ਬਾਅਦ, ਹੁਣ ਉਹ ਕਾਲਜ ਵਿੱਚ ਬੀ.ਏ. ਦੀ ਪੜ੍ਹਾਈ ਕਰ ਰਹੀ ਹੈ। ਉਸ ਦੇ ਬੱਚੇ ਵੀ ਇਸ ਵੇਲੇ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹ ਰਹੇ ਹਨ।
ਹੋਰਨਾਂ ਲਈ ਪ੍ਰੇਰਨਾ ਸਰੋਤ
ਮਨਜੀਤ ਕੌਰ ਦੀ ਪ੍ਰੇਰਨਾ ਸਦਕਾ ਇਲਾਕੇ ਦੀਆਂ ਹੋਰ ਵਿਆਹੁਤਾ ਔਰਤਾਂ ਜਿਵੇਂ ਬੇਅੰਤ ਕੌਰ (34), ਰੇਖਾ ਰਾਣੀ (30) ਅਤੇ ਕਿਰਪਾਲ ਕੌਰ (31) ਨੇ ਵੀ ਮੁੜ ਆਪਣੀ ਪੜ੍ਹਾਈ ਸ਼ੁਰੂ ਕੀਤੀ ਹੈ। ਇਹ ਔਰਤਾਂ ਹੁਣ ਘਰ ਦੇ ਕੰਮਾਂ ਅਤੇ ਸਵੈ-ਸਹਾਇਤਾ ਗਰੁੱਪਾਂ ਦੇ ਨਾਲ-ਨਾਲ ਆਪਣੀ ਸਿੱਖਿਆ ਦੇ ਸੁਪਨੇ ਪੂਰੇ ਕਰ ਰਹੀਆਂ ਹਨ।

ਮਿਸ਼ਨ ਔਰਤਾਂ ਨੂੰ ਆਤਮ-ਨਿਰਭਰ ਕਰਨ ਦਾ ਮੰਚ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ (IAS) ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਔਰਤਾਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ। ਜ਼ਿਲ੍ਹੇ ਵਿੱਚ ਕਰੀਬ 950 ਸੈਲਫ ਹੈਲਪ ਗਰੁੱਪ ਬਣ ਚੁੱਕੇ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਕੇ ਪਰਿਵਾਰਾਂ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ।

ਸਰਕਾਰ ਵੱਲੋਂ ਮਿਲਦੀ ਹੈ ਵਿਸ਼ੇਸ਼ ਸਹਾਇਤਾ: ਡਾ. ਬੇਦੀ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਗਰੁੱਪਾਂ ਨੂੰ 30,000 ਰੁਪਏ ਰੀਵੋਲਵਿੰਗ ਫੰਡ ਅਤੇ ਵਿਲੇਜ ਆਰਗਨਾਈਜੇਸ਼ਨ ਨੂੰ 50,000 ਰੁਪਏ ਕਮਿਊਨਿਟੀ ਇਨਵੈਸਟਮੈਂਟ ਫੰਡ ਦਿੱਤਾ ਜਾਂਦਾ ਹੈ। ਇਹ ਯੋਜਨਾ ਪਿੰਡਾਂ ਦੀਆਂ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਬਹੁਤ ਅਹਿਮ ਹੈ
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ>ਬਰਨਾਲਾ ਦੇ ਸਿੱਖਿਆ ਜਗਤ ਚ `ਟੰਡਨ ਸਕੂਲ ਦਾ ਦਬਦਬਾ: 12ਵੀਂ ਦੀ ਮਾਨਤਾ ਤੋਂ ਬਾਅਦ ਦਾਖਲਿਆਂ ਲਈ ਲੱਗੀ ਮਾਪਿਆਂ ਦੀ ਹੋੜ









Users Today : 6
Users Yesterday : 26
Users Last 7 days : 130