ਟਰੰਪ ਦੇ ਕਲਾਵੇ ’ਚੋਂ ਬਾਹਰ ਆਵੇ ਮੋਦੀ ਸਰਕਾਰ, ਇਜ਼ਰਾਈਲ-ਇਰਾਨ ਜੰਗ ਤੇ ਪੰਜਾਬ ਪੁਲਿਸ ਦੇ ਤਸ਼ੱਦਦ ਵਿਰੁੱਧ ਗਰਜੇ ਕਿਸਾਨ ਆਗੂ
ਬਰਨਾਲਾ ਬਿਊਰੋ 2 ਮਾਰਚ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮਹੀਨਾਵਾਰ ਅਹਿਮ ਮੀਟਿੰਗ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ’ਚ ਜਿੱਥੇ ਕੌਮਾਂਤਰੀ ਸਿਆਸੀ ਹਾਲਾਤਾਂ ਤੇ ਚਿੰਤਾ ਪ੍ਰਗਟਾਈ ਗਈ। ਉੱਥੇ ਹੀ ਪੰਜਾਬ ’ਚ ਪੁਲਿਸ ਦੇ ਵਧਦੇ ਕਥਿਤ ਤਸ਼ੱਦਦ ਤੇ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੇ ਤੇਵਰ ਦਿਖਾਏ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇਜ਼ਰਾਈਲ-ਇਰਾਨ ਦਰਮਿਆਨ ਚੱਲ ਰਹੀ ਜੰਗ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਜੰਗ ਤੋਂ ਸਿਰਫ਼ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਜ਼ਰਾਈਲ ਦੌਰਾ ਕਈ ਸ਼ੰਕੇ ਪੈਦਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਭਾਰਤ ਨੂੰ ਆਪਣੀ ਫੇਰੀ ਦੀ ਵਰਤੋਂ ਤਣਾਅ ਘਟਾਉਣ ਲਈ ਕਰਨੀ ਚਾਹੀਦੀ ਸੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਥਿਤੀ ਸਪੱਸ਼ਟ ਕਰੇ ਕਿ ਉਹ ਅਮਰੀਕਾ ਦੀ ਸ਼ਹਿ `ਤੇ ਲੜੀ ਜਾ ਰਹੀ ਜੰਗ ਦੇ ਹੱਕ ’ਚ ਹੈ ਜਾਂ ਸ਼ਾਂਤੀ ਦੇ। ਕਿਸਾਨ ਆਗੂਆਂ ਨੇ ਪੰਜਾਬ ਦੀ ਮੌਜੂਦਾ `ਆਪ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਸੂਬਾ `ਪੁਲਿਸ ਸਟੇਟ ’ਚ ਤਬਦੀਲ ਹੋ ਚੁੱਕਾ ਹੈ। ਜਥੇਬੰਦੀ ਨੇ ਦੋਸ਼ ਲਾਇਆ ਕਿ ਜਿਉਂਦ ਪਿੰਡ ’ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਲੱਤਾਂ ਤੋੜਨਾ ਤੇ ਨੌਜਵਾਨਾਂ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਬਣਾਉਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਲਿਸ ਦੀਆਂ ਵਾਂਗਾਂ ਇੰਨੀਆਂ ਖੁੱਲ੍ਹੀਆਂ ਛੱਡ ਦਿੱਤੀਆਂ ਹਨ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਜਥੇਬੰਦੀ ਨੇ ਇਨ੍ਹਾਂ ਮਾਮਲਿਆਂ ’ਚ ਤੁਰੰਤ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਸੂਬਾ ਖਜ਼ਾਨਚੀ ਰਾਮ ਸਿੰਘ ਮਟੋਰੜਾ, ਪ੍ਰੈਸ ਸਕੱਤਰ ਇੰਦਰਪਾਲ ਸਿੰਘ, ਦਲਜਿੰਦਰ ਸਿੰਘ ਗੁਰਨਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਮਾਨਸਾ, ਜਗਮੇਲ ਸਿੰਘ ਸੁਧੇਵਾਲ ਪਟਿਆਲਾ, ਸਤਨਾਮ ਸਿੰਘ ਮਾਨ ਸੰਗਰੂਰ, ਸੁਖਦੇਵ ਸਿੰਘ ਫੌਜੀ ਫ਼ਰੀਦਕੋਟ, ਰਾਜਮਹਿੰਦਰ ਸਿੰਘ ਬਠਿੰਡਾ, ਦਰਸ਼ਨ ਸਿੰਘ ਉਗੋਕੇ ਬਰਨਾਲਾ ਤੇ ਹੋਰ ਕਈ ਸੂਬਾਈ ਆਗੂ ਹਾਜ਼ਰ ਸਨ।
ਖੇਤੀਬਾੜੀ ਤੇ ਵਪਾਰਕ ਸਮਝੌਤਿਆਂ ਵਿਰੁੱਧ 10 ਮਾਰਚ ਦੀ ਮਹਾਂ ਰੈਲੀ
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ’ਚੋਂ ਖੇਤੀ ਤੇ ਡੇਅਰੀ ਖੇਤਰ ਨੂੰ ਬਾਹਰ ਰੱਖਣ ਲਈ ਸੰਯੁਕਤ ਮੋਰਚਾ ਲਗਾਤਾਰ ਦਬਾਅ ਬਣਾ ਰਿਹਾ ਹੈ। ਬਿਜਲੀ ਬਿੱਲ, ਬੀਜ ਬਿੱਲ, ਲੇਬਰ ਕੋਡ ਰੱਦ ਕਰਨ ਤੇ ਪਾਣੀਆਂ ਦੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ 10 ਮਾਰਚ ਨੂੰ ਬਰਨਾਲਾ ਵਿਖੇ ਵਿਸ਼ਾਲ ਮਹਾਂ ਰੈਲੀ ਕੀਤੀ ਜਾਵੇਗੀ। ਜਥੇਬੰਦੀ ਨੇ ਇਸ ਰੈਲੀ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ।
ਯੂਰੀਆ ਸਬਸਿਡੀ ਖ਼ਤਮ ਕਰਨ ਦੀ ਸਾਜ਼ਿਸ਼ ਦਾ ਵਿਰੋਧ
ਮੀਟਿੰਗ ’ਚ ਕੇਂਦਰ ਸਰਕਾਰ ਵਲੋਂ ਯੂਰੀਆ ਖਾਦ ਦੀ ਸਬਸਿਡੀ ਸਿੱਧੀ ਖਾਤਿਆਂ ’ਚ ਪਾਉਣ ਦੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਗਿਆ। ਆਗੂਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜਿਵੇਂ ਗੈਸ ਸਿਲੰਡਰਾਂ ਦੀ ਸਬਸਿਡੀ ਹੌਲੀ-ਹੌਲੀ ਖ਼ਤਮ ਕੀਤੀ ਗਈ ਹੈ। ਉਸੇ ਤਰ੍ਹਾਂ ਯੂਰੀਆ `ਤੇ ਮਿਲਦੀ ਰਾਹਤ ਨੂੰ ਵੀ ਖ਼ਤਮ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਜਿਸ ਨੂੰ ਕਿਸਾਨ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਹੋਰ ਤਾਜ਼ਾਂ ਖਬਰਾਂ ਪੜ੍ਹੋ ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 99
Users Yesterday : 195
Users Last 7 days : 521