ਮਾਨ ਸਾਬ੍ਹ! ਥੋਡੀ ‘ਪੰਜਾਬੀ’ ਤਾਂ ਅਫਸਰਾਂ ਨੇ ‘ਆਜੀਵਕਾ’ ਤੇ ‘ਮਿਸ਼ਨਾਂ’ `ਚ ਹੀ ਰੋਲ ਦਿੱਤੀ..?
ਨਾ ਪੰਜਾਬੀ, ਨਾ ਲੋਕ ਸਖੀ ਸ਼ਕਤੀ ਮੇਲੇ ਦੀ ਲਾਜ ਬਚਾਉਣ ਲਈ ਸਕੂਲੀ ਬੱਚਿਆਂ ਨਾਲ ਭਰੀਆਂ ਕੁਰਸੀਆਂ!
ਬਰਨਾਲਾ ਬਿਊਰੋ 27ਫਰਵਰੀ :
ਪੰਜਾਬ ਸਰਕਾਰ ਇੱਕ ਪਾਸੇ ਤਾਂ ਸੂਬੇ ’ਚ ਪੰਜਾਬੀ ਭਾਸ਼ਾ ਨੂੰ ਹਰ ਮੰਚ `ਤੇ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਪਰ ਦੂਜੇ ਪਾਸੇ ਸਰਕਾਰੀ ਸਕੀਮਾਂ ਦੇ ਨਾਮ ਹੀ ਪੰਜਾਬੀ ਮਾਂ ਬੋਲੀ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਬਰਨਾਲਾ ਵਿਖੇ ਕਰਵਾਏ ਜਾ ਰਹੇ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਤਹਿਤ ਪੰਜਾਬ ਸਖੀ ਸ਼ਕਤੀ ਮੇਲੇ ਨੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੰਜਾਬੀ ਪ੍ਰਤੀ ‘ਮੁਹੱਬਤ’ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੇ ਹੀ ਵੀ ਜਿਕਰ ਕਰਨਾ ਲਾਜਿਮੀ ਹੈ ਕਿ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਿਯੁਕਤੀਆਂ ਦੀਆਂ ਸੂਚੀਆਂ ਤਾਂ ਹੁਣ ਪੰਜਾਬੀ ਤੇ ਅੰਗਰੇਜੀ ’ਚ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਦਮ ਦੀ ਚੁਫੇਰਿਉਂ ਸਰਾਹਣਾ ਵੀ ਹੋ ਰਹੀ ਹੈ। ਪਰ ਪੰਜਾਬ ਸਰਕਾਰ ਆਪਣੀਆਂ ਯੋਜਨਾਵਾਂ ਜਾਂ ਪ੍ਰੋਗਰਾਮਾਂ ਦੇ ਨਾਂ ਸ਼ੁੱਧ ਪੰਜਾਬੀ ’ਚ ਲਿਖਣ ਤੋਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਵੱਟ ਰਹੀ ਹੈ।
ਹੋਰ ਤਾਜ਼ਾਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ।ਜਲੰਧਰ ਦੀ ਫੈਕਟਰੀ ‘ਚ ਵਾਪਰਿਆ ਬੇਹੱਦ ਦਰਦਨਾਕ ਹਾਦਸਾ, ਪੈ ਗਿਆ ਭੜਥੂ, 3 ਲੋਕਾਂ ਦੀ ਹੋਈ ਮੌਤ, ਕਈ ਜ਼ਖ਼ਮੀ….https://theopeneyes24.com/wp-admin/post.php?post=2641&action=edit
ਕਿੱਥੇ ਗਈ ‘ਪੇਂਡੂ ਰੋਜ਼ੀ-ਰੋਟੀ ਮੁਹਿੰਮ’?
ਹੈਰਾਨੀ ਦੀ ਗੱਲ ਹੈ ਕਿ ਜਿਸ ਪੰਜਾਬੀ ਭਾਸ਼ਾ ਲਈ ਸਰਕਾਰ ਸਾਈਨ ਬੋਰਡ ਬਦਲਣ ਦੇ ਹੁਕਮ ਦਿੰਦੀ ਹੈ। ਉਸੇ ਸਰਕਾਰ ਦੇ ਪ੍ਰੋਜੈਕਟਾਂ ’ਚ ‘ਪੇਂਡੂ’ ਦੀ ਥਾਂ ਫਾਰਸੀ ਮੂਲ ਦਾ ‘ਦਿਹਾਤੀ’, ‘ਰੋਜ਼ੀ-ਰੋਟੀ’ ਦੀ ਥਾਂ ਸ਼ੁੱਧ ਹਿੰਦੀ\ਸੰਸਕ੍ਰਿਤ ਦਾ ‘ਆਜੀਵਕਾ’ ਤੇ ‘ਮੁਹਿੰਮ’ ਦੀ ਥਾਂ ਅੰਗਰੇਜ਼ੀ ਦਾ ‘ਮਿਸ਼ਨ’ ਸ਼ਬਦ ਵਰਤਿਆ ਗਿਆ ਹੈ। ਇੰਨ੍ਹਾਂ ਹੀ ਨਹੀਂ, ‘ਸਹੇਲੀ’ ਵਰਗੇ ਮਿੱਠੇ ਪੰਜਾਬੀ ਸ਼ਬਦ ਨੂੰ ਵਿਸਾਰ ਕੇ ‘ਸਖੀ’ ਸ਼ਬਦ ਦਾ ਕੁਹਾੜਾ ਚਲਾਇਆ ਗਿਆ ਹੈ।
ਸਾਡਾ ਮੁੱਖ ਮੰਤਰੀ ਤਾਂ ਠੇਠ ਹੈ, ਪਰ ਅਫ਼ਸਰਾਂ ਨੂੰ ਪੰਜਾਬੀ ਨਹੀਂ ਆਉਂਦੀ
ਮੇਲਾ ਦੇਖਣ ਪਹੁੰਚੇ ਬਜ਼ੁਰਗ ਜੋਗਿੰਦਰ ਸਿੰਘ ਤੇ ਨਛੱਤਰ ਸਿੰਘ ਨੇ ਸਰਕਾਰ `ਤੇ ਕਰਾਰੀ ਚੋਟ ਕਰਦਿਆਂ ਕਿਹਾ ਭਗਵੰਤ ਮਾਨ ਤਾਂ ਪਿੰਡਾਂ ਦਾ ਪਾਲਿਆ ਹੈ। ਉਹ ਤਾਂ ਜਮ੍ਹਾਂ ਠੇਠ ਪੰਜਾਬੀ ਬੋਲਦਾ ਹੈ। ਪਰ ਜਿਨ੍ਹਾਂ ਅਫ਼ਸਰਾਂ ਨੇ ਪੰਜਾਬੀ ਲਾਗੂ ਕਰਨੀ ਹੈ। ਉਨ੍ਹਾਂ ਨੂੰ ਆਪ ਹੀ ਪੰਜਾਬੀ ਨਹੀਂ ਆਉਂਦੀ। ਸਟਾਲਾਂ `ਤੇ ਲਿਖੇ ਸੈਲਫ ਹੈਲਪ ਗਰੁੱਪ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਬਦਾਂ ’ਚੋਂ ਇੱਕ ਵੀ ਪੰਜਾਬੀ ਦਾ ਨਹੀਂ। ‘ਸੁਆਦ ਪਿੰਡ ਦਾ’ ਲਿਖ ਕੇ ਸ਼ਹਿਰੀ ਚੀਜ਼ਾਂ ਦੀ ਪ੍ਰਦਰਸ਼ਨੀ ਲਾਉਣਾ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਦੇ ਬਰਾਬਰ ਹੈ।
ਜਦੋਂ ਮੇਲੇ ਦੀ ‘ਲਾਜ’ ਸਕੂਲੀ ਬੱਚਿਆਂ ਨੇ ਬਚਾਈ
ਮੇਲੇ ਦੀ ਹਾਲਤ ਇਹ ਸੀ ਕਿ ਸੈਲਫ ਹੈਲਪ ਗਰੁੱਪਾਂ ਤੇ ਸਰਕਾਰੀ ਮੁਲਾਜ਼ਮਾਂ ਤੋਂ ਬਿਨ੍ਹਾਂ ਆਮ ਜਨਤਾ ਦੀ ਗਿਣਤੀ ਉਂਗਲਾਂ `ਤੇ ਗਿਣਨਯੋਗ ਵੀ ਨਹੀਂ ਸੀ। ਖਾਲੀ ਕੁਰਸੀਆਂ ਦਾ ਮੂੰਹ ਚਿੜਾਉਂਦੇ ਮੇਲੇ ’ਚ ਪ੍ਰਬੰਧਕਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਸੀਬੀਐੱਸਈ ਪੈਟਰਨ ਦੇ ਸਕੂਲੀ ਬੱਚਿਆਂ ਨੂੰ ਕੁਰਸੀਆਂ `ਤੇ ਬਿਠਾ ਦਿੱਤਾ। ਲੋਕਾਂ ਨੇ ਚਰਚਾ ਕੀਤੀ ਕਿ ਸਰਕਾਰੀ ਸਕੂਲਾਂ ਦੇ ਬੱਚੇ ਤਾਂ ਪੇਪਰਾਂ ’ਚ ਰੁੱਝੇ ਹਨ। ਪਰ ਮੇਲੇ ਦੀ ਭੀੜ ਦਿਖਾਉਣ ਲਈ ਪ੍ਰਾਈਵੇਟ ਸਕੂਲਾਂ ਦਾ ਸਹਾਰਾ ਲੈਣਾ ਪਿਆ।
ਨਾਮ ਬਦਲਿਆ, ਪਰ ਹਾਲਾਤ ਨਹੀਂ
ਨੌਜਵਾਨ ਸੁਖਜਿੰਦਰ ਸਿੰਘ ਅਨੁਸਾਰ ਸਰਕਾਰ ਕੋਈ ਨਵਾਂ ਕੰਮ ਨਹੀਂ ਕਰ ਰਹੀ। ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਸਕੀਮਾਂ ਦੇ ਨਾਮ ਬਦਲ ਕੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਮੇਲੇ ’ਚ ਪਹੁੰਚੀਆਂ ਔਰਤਾਂ ਨੂੰ ਹੀ ‘ਆਜੀਵਕਾ’ ਤੇ ‘ਸਖੀ’ ਸ਼ਬਦ ਦਾ ਮਤਲਬ ਨਹੀਂ ਪਤਾ ਤਾਂ ਅਜਿਹੇ ਗੁੰਝਲਦਾਰ ਤੇ ਗ਼ੈਰ ਪੰਜਾਬੀ ਨਾਵਾਂ ਵਾਲੇ ਮੇਲਿਆਂ ਦਾ ਆਮ ਲੋਕਾਂ ਨੂੰ ਕੀ ਫਾਇਦਾ?
ਕੁੱਝ ਤਾਂ ਸ਼ਰਮ ਕਰੋ :ਟੱਲੇਵਾਲੀਆਂ
ਮਾਲਵਾ ਸਹਿਤ ਸਭਾ ਰਜਿ: ਬਰਨਾਲਾ ਦੇ ਮੀਤ ਪ੍ਰਧਾਨ ਤੇ ਉੱਘੇ ਸਹਿਤਕਾਰ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆਂ ਨੇ ਇਸ ਮੁੱਦੇ ਤੇ ਬੇਬਾਕ ਰਾਇ ਰੱਖਦਿਆਂ ਕਿਹਾ ਹਾਲੇ 3 ਦਿਨ ਪਹਿਲਾਂ 21 ਫਰਵਰੀ ਨੂੰ ਤਾਂ ਅਸੀਂ ਸਾਰੇ ਮਾਂ ਬੋਲੀ ਦਿਹਾੜਾ ਮਨਾ ਕੇ ਹਟੇ ਆਂ ਤੇ ਆਪਣੀ ਮਾਂ ਬੋਲੀ ਨੂੰ ਪੰਜਾਬ ਦੀਆਂ ਸਕੀਮਾਂ ’ਚ ਵੀ ਨਹੀਂ ਵਰਤਿਆਂ ਜਾ ਰਿਹਾ। ਇਸ ਤੋਂ ਭੈੜੀ ਗੱਲ ਕੀ ਹੋ ਸਕਦੀ ਹੈ। ਡਾਕਟਰ ਟੱਲੇਵਾਲੀਆ ਨੇ ਕਿਹਾ ਪੰਜਾਬੀ ਭਾਸ਼ਾ ਦਾ ਮਹਾਨ ਸ਼ਬਦ ਭੰਡਾਰ ਹੈ। ਜਿਹੜਾ ਸ਼ਬਦ ਹੋਰ ਭਾਸ਼ਾਵਾਂ ’ਚ ਦੋ-ਦੋ ਤਿੰਨ-ਤਿੰਨ ਸ਼ਬਦਾਂ ਨੂੰ ਜੋੜ ਕੇ ਬਣਦਾ ਹੈ। ਉਹ ਹਰ ਸ਼ਬਦ ਵੀ ਪੰਜਾਬੀ ’ਚ ਇੱਕੋ ਵਰਤਿਆ ਜਾ ਸਕਦਾ ਹੈ। ਸਾਡੀ ਭਾਸ਼ਾ ਦੀ ਵਿਰਾਸਤ ਤੇ ਖਜ਼ਾਨਾ ਬਹੁਤ ਅਮੀਰ ਹੈ। ਫਿਰ ਵੀ ਜੇਕਰ ਸਰਕਾਰ ਜਾਂ ਅਧਿਕਾਰੀਆਂ ਨੂੰ ਪੰਜਾਬੀ ਦੇ ਸ਼ਬਦਾਂ ਦੀ ਢੁੱਕਵੀਂ ਚੋਣ ਕਰਨ ’ਚ ਕੋਈ ਔਖਿਆਈ ਮਹਿਸੂਸ ਹੁੰਦੀ ਹੈ। ਉਹ ਹਿੰਦੀ, ਅੰਗਰੇਜੀ ਸ਼ਬਦਾਂ ਦੇ ਬਦਲ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਨ ਲਈ ਪੰਜਾਬੀ ਸਹਿਤਕਾਰਾਂ\ ਵਿਦਵਾਨਾਂ ਦੀ ਰਾਇ ਸਲਾਹ ਲੈ ਸਕਦੀ ਹੈ।
ਹੋਰ ਤਾਜ਼ਾਂ ਖਬਰਾਂ ਦੇਖਣ ਲਈ ਕਲਿੱਕ ਕਰੋ। ਖੁੱਲੀਆਂ ਅੱਖਾਂ https://theopeneyes24.com/wp-admin/post-new.php









Users Today : 5
Users Yesterday : 3
Users Last 7 days : 43