ਇੱਕ ਪਾਸੇ ਜਿੱਥੇ ਪੂਰੇ ਦੇਸ਼ ਅਤੇ ਸੂਬੇ ਵਿੱਚ ਅਧਿਆਪਕ ਦਿਵਸ ਮੌਕੇ ਸਰਕਾਰ ਵੱਲੋਂ ਵੱਡੇ-ਵੱਡੇ ਸਮਾਗਮ ਕਰਵਾ ਕੇ ਅਧਿਆਪਕਾਂ ਨੂੰ ਰਾਜ ਪੁਰਸਕਾਰਾਂ ਨਾਲ ਨਵਾਜ਼ਣ ਅਤੇ ਸਤਿਕਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਸਨ, ਉੱਥੇ ਹੀ ਸੰਗਰੂਰ ਦੀਆਂ ਸੜਕਾਂ ‘ਤੇ ਜ਼ਮੀਨੀ ਹਕੀਕਤ ਦੀ ਇੱਕ ਬਹੁਤ ਹੀ ਦਰਦਨਾਕ ਅਤੇ ਚਿੰਤਾਜਨਕ ਤਸਵੀਰ ਦੇਖਣ ਨੂੰ ਮਿਲੀ। ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ ਫਰੰਟ ਪੰਜਾਬ ਦੇ ਸੱਦੇ ‘ਤੇ ਸਿੱਖਿਆ ਵਿਭਾਗ ਦੀਆਂ ਕਥਿਤ ਨਲਾਇਕੀਆਂ ਅਤੇ ਦਫ਼ਤਰੀ ਗਲਤੀਆਂ ਦਾ ਸ਼ਿਕਾਰ ਹੋਏ ਦੋ ਸੌ ਤਰਵੰਜਾ ਪੀੜਤ ਅਧਿਆਪਕਾਂ ਨੇ ਅਧਿਆਪਕ ਦਿਵਸ ‘ਤੇ ਖੁਸ਼ੀਆਂ ਮਨਾਉਣ ਦੀ ਬਜਾਏ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਸ਼ਾਂਤਮਈ ਤਰੀਕੇ ਨਾਲ ਮਨੁੱਖੀ ਚੇਨ ਬਣਾ ਕੇ ਆਪਣੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ। ਸੰਗਰੂਰ ਵਿਖੇ ਸੜਕ ਦੇ ਕਿਨਾਰੇ ਬਣੇ ਫੁੱਟਪਾਥ ‘ਤੇ ਅਧਿਆਪਕ ਦਿਵਸ ਮੌਕੇ ਸੈਂਕੜੇ ਅਧਿਆਪਕਾਂ ਨੇ ਤਪਦੀ ਧੁੱਪ ਵਿੱਚ ਖੜ੍ਹ ਕੇ ਹੱਥਾਂ ਵਿੱਚ ਇਨਸਾਫ਼ ਦੀਆਂ ਮੰਗਾਂ ਵਾਲੀਆਂ ਤਖ਼ਤੀਆਂ ਫੜ ਕੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਹੱਥਾਂ ਵਿੱਚ ਅੱਜ ਚਾਕ ਅਤੇ ਕਲਾਸਰੂਮ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਹੱਥਾਂ ਵਿੱਚ ਅੱਜ ਇਨਸਾਫ਼ ਦੀ ਮੰਗ ਕਰਨ ਵਾਲੀਆਂ ਤਖ਼ਤੀਆਂ ਹਨ। ਫ਼ਰੰਟ ਦੇ ਪ੍ਰਮੁੱਖ ਆਗੂਆਂ ਬਲਕਾਰ ਸਿੰਘ ਮਘਾਣੀਆ, ਹਰਪਾਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਲਗਭਗ ਤਿੰਨ ਤੋਂ ਚਾਰ ਸਾਲਾਂ ਤੋਂ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪ੍ਰੰਤੂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਭਰਤੀ ਸੈੱਲ ਦੀਆਂ ਦਫ਼ਤਰੀ ਗਲਤੀਆਂ, ਕਲੈਰੀਕਲ ਖਾਮੀਆਂ ਅਤੇ ਨਲਾਇਕੀਆਂ ਕਾਰਨ ਵੱਖ-ਵੱਖ ਭਰਤੀਆਂ ਦੇ ਬੇਕਸੂਰ ਅਤੇ ਪੂਰੀ ਤਰ੍ਹਾਂ ਯੋਗ ਅਧਿਆਪਕਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਨੋਟਿਸ ਭੇਜ ਦਿੱਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਮਾਸਟਰ ਕਾਡਰ ਚਾਰ ਹਜ਼ਾਰ ਇੱਕ ਸੌ ਇੱਕਹੱਠ ਭਰਤੀ ਦੇ ਦੋ ਸੌ ਤਰਵੰਜਾ ਅਧਿਆਪਕ, ਦੋ ਹਜ਼ਾਰ ਤਿੰਨ ਸੌ ਬਾਨਵੇਂ ਭਰਤੀ ਦੇ ਚਾਲੀ ਅਧਿਆਪਕ ਅਤੇ ਈ ਟੀ ਟੀ ਕਾਡਰ ਛੇ ਹਜ਼ਾਰ ਛੇ ਸੌ ਪੈਂਤੀ ਭਰਤੀ ਦੇ ਇੱਕ ਸੌ ਅੱਠ ਅਧਿਆਪਕ ਪ੍ਰਭਾਵਿਤ ਹੋਣਗੇ। ਇਹ ਸਾਰੇ ਅਧਿਆਪਕ ਆਪਣੀ ਪੱਕੀ ਨੌਕਰੀ ਖੁੱਸ ਜਾਣ ਦੇ ਡਰ ਦੀ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ ਅਤੇ ਨੌਕਰੀ ‘ਤੇ ਲਟਕ ਰਹੀ ਤਲਵਾਰ ਕਾਰਨ ਇਹ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਸਮਾਜਿਕ, ਮਾਨਸਿਕ ਅਤੇ ਆਰਥਿਕ ਤੌਰ ‘ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਧਿਆਪਕ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਨੋਟਿਸ ਜਾਰੀ ਕਰਨ ਦਾ ਮੁੱਖ ਆਧਾਰ ਜਾਂ ਤਾਂ ਉੱਤਰ ਕੁੰਜੀ ਵਿੱਚ ਕੀਤੀ ਗਈ ਤਬਦੀਲੀ ਨੂੰ ਬਣਾਇਆ ਜਾ ਰਿਹਾ ਹੈ ਜਾਂ ਫਿਰ ਸਿਲੈਕਸ਼ਨ ਸੂਚੀਆਂ ਦੇ ਸਹੀ ਨਾ ਬਣਨ ਦਾ ਬਹਾਨਾ ਘੜਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇਹ ਸਾਰੀ ਪ੍ਰਕਿਰਿਆ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ ਤਾਂ ਉਨ੍ਹਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਅਧਿਆਪਕ ਕਿਉਂ ਭੁਗਤਣ। ਰੋਸ ਪ੍ਰਦਰਸ਼ਨ ਕਰ ਰਹੇ ਆਗੂ ਗੁਰਿੰਦਰ ਸਿੰਘ ਨੇ ਦੱਸਿਆ ਕਿ ਆਪਣੀਆਂ ਜਾਇਜ਼ ਮੰਗਾਂ ਲਈ ਉਹ ਲਗਾਤਾਰ ਸਰਕਾਰ ਤੱਕ ਪਹੁੰਚ ਕਰ ਰਹੇ ਹਨ, ਪ੍ਰੰਤੂ ਸਰਕਾਰ ਦਾ ਰਵੱਈਆ ਬੇਹੱਦ ਉਦਾਸੀਨ ਹੈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੀਆਂ ਦਫ਼ਤਰੀ ਗਲਤੀਆਂ ਕਾਰਨ ਜਾਰੀ ਕੀਤੇ ਗਏ ਸਾਰੇ ਨੋਟਿਸ ਤੁਰੰਤ ਰੱਦ ਕੀਤੇ ਜਾਣ, ਪ੍ਰੋਬੇਸ਼ਨ ਸਮਾਂ ਕਲੀਅਰ ਕੀਤਾ ਜਾਵੇ ਅਤੇ ਨੌਕਰੀ ਸੁਰੱਖਿਅਤ ਕੀਤੀ ਜਾਵੇ। ਇਸ ਮੌਕੇ ਚਾਰ ਹਜ਼ਾਰ ਇੱਕ ਸੌ ਇੱਕਹੱਠ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੰਦੀਪ ਸਿੰਘ ਗਿੱਲ ਅਤੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਸੁਖਪ੍ਰੀਤ ਸਿੰਘ, ਬਲਜਿੰਦਰ ਸਿੰਘ, ਮੈਡਮ ਗਜ਼ਲ ਪ੍ਰੀਤ ਕੌਰ, ਮੈਡਮ ਨਰਿੰਦਰ ਕੌਰ, ਮਨਪ੍ਰੀਤ ਕੌਰ, ਬਲਵਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸੰਗੀਤਾ ਰਾਣੀ ਅਤੇ ਸ਼ਿੰਗਾਰਾ ਸਿੰਘ ਵੀ ਸ਼ਾਮਿਲ ਰਹੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ, ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਵੱਡਾ ਪ੍ਰਦਰਸ਼ਨ









Users Today : 19
Users Yesterday : 37
Users Last 7 days : 293