ਅੰਮ੍ਰਿਤਸਰ ਬਿਊਰੋ
ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੜਿਆਲ ਵਿੱਚ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨਾ ਦੋ ਪਰਿਵਾਰਾਂ ਨੂੰ ਉਸ ਸਮੇਂ ਬਹੁਤ ਭਾਰੀ ਪੈ ਗਿਆ, ਜਦੋਂ ਪਿੰਡ ਦੇ ਕੁਝ ਦਬੰਗ ਵਿਅਕਤੀਆਂ ਵੱਲੋਂ ਕਥਿਤ ਤੌਰ ਉੱਤੇ ਦੋਵਾਂ ਭਰਾਵਾਂ ਦੇ ਘਰਾਂ ਉੱਤੇ ਹਮਲਾ ਕਰਕੇ ਭਾਰੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਕੇ ਵੱਡੇ ਪੱਧਰ ਉੱਤੇ ਸਾੜਫੂਕ ਕੀਤੀ ਗਈ। ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰਾਂ ਉੱਤੇ ਦੋ ਵਾਰ ਹਮਲੇ ਕੀਤੇ ਜਾ ਚੁੱਕੇ ਹਨ। ਪਰਿਵਾਰ ਦਾ ਗੰਭੀਰ ਦੋਸ਼ ਹੈ ਕਿ ਇਸ ਵਾਰ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਦਿੱਤੀ ਗਈ ਦਰਖ਼ਾਸਤ ਤੋਂ ਬਾਅਦ ਕੁਝ ਦਬੰਗ ਵਿਅਕਤੀਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਰੰਜਿਸ਼ ਤਹਿਤ ਦੋਵਾਂ ਭਰਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਪੀੜਤ ਪਰਿਵਾਰ ਦੀਆਂ ਮਹਿਲਾਵਾਂ ਨੇ ਆਪ ਬੀਤੀ ਦੱਸਦਿਆਂ ਆਖਿਆ ਕਿ ਘਟਨਾ ਸਮੇਂ ਉਹ ਘਰ ਵਿੱਚ ਸ਼ਾਮ ਦੀ ਰੋਟੀ ਬਣਾ ਰਹੀਆਂ ਸਨ ਕਿ ਇਸੇ ਦੌਰਾਨ ਹਮਲਾਵਰ ਅਚਾਨਕ ਘਰ ਵਿੱਚ ਦਾਖ਼ਲ ਹੋ ਗਏ ਅਤੇ ਭੰਨਤੋੜ ਸ਼ੁਰੂ ਕਰਦਿਆਂ ਸਾੜ-ਫੂਕ ਕਰ ਦਿੱਤੀ। ਮਹਿਲਾਵਾਂ ਅਨੁਸਾਰ ਹਮਲਾਵਰਾਂ ਨੇ ਘਰ ਵਿੱਚ ਪਿਆ ਸਾਰਾ ਕੀਮਤੀ ਸਮਾਨ ਤਬਾਹ ਕਰ ਦਿੱਤਾ, ਜਿਸ ਨਾਲ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੋਸ਼ੀ ਕੁਝ ਸਮਾਨ ਘਰੋਂ ਚੋਰੀ ਕਰਕੇ ਵੀ ਨਾਲ ਲੈ ਗਏ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਬਣਦੀ ਮਾਲੀ ਮਦਦ ਦੇਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਭਰਾਵਾਂ ਦੇ ਘਰਾਂ ਨੂੰ ਅੱਗ ਲਗਾਉਣ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ ਅਤੇ ਕਿਸੇ ਮਾਮੂਲੀ ਵਿਵਾਦ ਤੋਂ ਬਾਅਦ ਇਹ ਹਿੰਸਾ ਭੜਕ ਗਈ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਅਗਲੇਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਪਾਸ਼-ਹੰਸ ਰਾਜ ਦੀ ਯਾਦਗਾਰ ਤੋਂ ਨਜਾਇਜ਼ ਕਬਜ਼ਾ ਤੁਰੰਤ ਹਟਾਉਣ ਦੀ ਮੰਗ, 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਹੋਵੇਗਾ ਹਜ਼ਾਰਾਂ ਲੋਕਾਂ ਦਾ ਇਕੱਠ |









Users Today : 135
Users Yesterday : 99
Users Last 7 days : 638