ਬਰਨਾਲਾ ਬਿਊਰੋ:
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨਕਲਾਬੀ ਕਵੀ ਪਾਸ਼ ਅਤੇ ਉਸ ਦੇ ਸਾਥੀ ਹੰਸ ਰਾਜ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਉਸਾਰੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਦਰਵਾਜ਼ੇ ਅਤੇ ਤਾਲੇ ਤੋੜ ਕੇ ਕਥਿਤ ਕਬਜ਼ੇ ਦੀ ਨੀਅਤ ਨਾਲ ਜ਼ਬਰਦਸਤੀ ਲਗਾਏ ਗਏ ਝੂਲਿਆਂ ਅਤੇ ਓਪਨ ਜਿੰਮ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਸ ਦਾ ਪੁਰਾਤਨ ਸਰੂਪ ਬਹਾਲ ਕਰਕੇ ਇਸ ਨੂੰ ਸ਼ਹੀਦੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ। ਇਸ ਸਬੰਧੀ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਸੁਖਵਿੰਦਰ ਬਾਗਪੁਰ, ਸੁਮੀਤ ਅੰਮ੍ਰਿਤਸਰ, ਜਸਵਿੰਦਰ ਫਗਵਾੜਾ ਅਤੇ ਸੁਰਜੀਤ ਟਿੱਬਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਸ਼ਹੀਦ ਪਾਸ਼-ਹੰਸ ਰਾਜ ਯਾਦਗਾਰੀ ਕਮੇਟੀ ਅਤੇ ਸਮੂਹ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕੇ ਦੀ ਵਿਧਾਇਕਾ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਨਾ ਤਾਂ ਉਸ ਕੰਪਲੈਕਸ ਵਿੱਚੋਂ ਝੂਲੇ ਹਟਾਏ ਗਏ ਹਨ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਪਾਸ਼ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਕਿਰਤੀ ਲੋਕਾਂ, ਕਮੇਟੀ ਆਗੂਆਂ ਅਤੇ ਜਨਤਕ ਜਥੇਬੰਦੀਆਂ ਦੇ ਵਰਕਰਾਂ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਰਹੀ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਨਜਾਇਜ਼ ਕਬਜ਼ਾ ਹਟਾਉਣ ਲਈ ਸਮੇਂ ਸਿਰ ਕੋਈ ਠੋਸ ਅਤੇ ਕਾਰਗਰ ਕਾਰਵਾਈ ਨਾ ਕੀਤੀ ਗਈ ਤਾਂ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ਼ ਦੇ 76ਵੇਂ ਜਨਮ ਦਿਨ ਉੱਤੇ ਹੋਣ ਵਾਲੇ ਇਨਕਲਾਬੀ ਸੱਭਿਆਚਾਰਕ ਸਮਾਗਮ ਮੌਕੇ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਲਈ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਖ਼ੁਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਗੰਭੀਰ ਦੋਸ਼ ਲਾਇਆ ਕਿ ਸਰਪੰਚ ਪਰਦੀਪ ਸਿੰਘ ਅਤੇ ਉਸ ਦੇ ਹਮਾਇਤੀਆਂ ਵੱਲੋਂ ਹਕੂਮਤੀ ਸਰਪ੍ਰਸਤੀ ਹੇਠ ਕੰਪਲੈਕਸ ਦੇ ਜਿੰਦਰੇ ਤੋੜ ਕੇ ਅਤੇ ਪੰਘੂੜੇ ਲਗਾ ਕੇ ਇਸ ਇਤਿਹਾਸਕ ਸ਼ਹੀਦੀ ਯਾਦਗਾਰ ਦੀ ਬੇਹੁਰਮਤੀ ਕਰਨ ਦੇ ਨਾਲ-ਨਾਲ ਇਸ ਉੱਤੇ ਕਬਜ਼ਾ ਕਰਨ ਅਤੇ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਅਤੇ ਸਮੂਹ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਰਕਸ਼ੀਲ ਸੁਸਾਇਟੀ ਨੇ ਪੰਜਾਬ ਦੀਆਂ ਸਮੂਹ ਲੋਕ ਪੱਖੀ ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਿਕ, ਪੱਤਰਕਾਰ, ਜਨਤਕ, ਜਮਹੂਰੀ, ਸਾਹਿਤਕ, ਸੱਭਿਆਚਾਰਕ, ਵਿਦਿਆਰਥੀ, ਔਰਤਾਂ ਅਤੇ ਅਧਿਆਪਕਾਂ ਦੀਆਂ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ ਸਮੂਹ ਤਰਕਸ਼ੀਲ ਕਾਮਿਆਂ ਨੂੰ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਪਹੁੰਚ ਕੇ ਇਸ ਇਨਕਲਾਬੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਖੁੱਲ੍ਹੀ ਅਪੀਲ ਕੀਤੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ, ਪੀਲੀ ਚੇਤਾਵਨੀ ਜਾਰੀ









Users Today : 90
Users Yesterday : 99
Users Last 7 days : 593