ਅੰਮ੍ਰਿਤਸਰ ਬਿਊਰੋ —
ਮੀਰੀ-ਪੀਰੀ ਦੇ ਮਾਲਕ ਅਤੇ ਸਿੱਖਾਂ ਦੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਸਿੱਖੀ ਦੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ, ਸਤਿਕਾਰ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਪਵਿੱਤਰ ਅਤੇ ਇਤਿਹਾਸਕ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨਤਾ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਅਤੇ ਗੁਰਬਾਣੀ ਸ਼ਬਦ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪੂਰਾ ਮਾਹੌਲ ਗੁਰੂ ਜਸ ਦੀਆਂ ਧੁਨੀਆਂ ਨਾਲ ਗੂੰਜ ਉੱਠਿਆ। ਅੰਮ੍ਰਿਤ ਵੇਲੇ ਤੋਂ ਹੀ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਜੀਵਨ ਸਫਲਾ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਜੀਵਨ ਇਤਿਹਾਸ, ਉਨ੍ਹਾਂ ਵੱਲੋਂ ਦਰਸਾਏ ਮਾਰਗ ਅਤੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਧਾਰਮਿਕ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਤਿਕਾਰਯੋਗ ਮੈਂਬਰ ਅਜੈਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਬੰਧਕ ਮੇਜਰ ਸਿੰਘ ਅਰਜਨ ਮਾਂਗਾ, ਬਗੀਚਾ ਸਿੰਘ, ਜਸਕਰਨ ਸਿੰਘ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਤੇ ਬਾਹਰੋਂ ਆਈਆਂ ਸੰਗਤਾਂ ਮੌਜੂਦ ਸਨ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ਼ਾਮ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਬਹੁਤ ਹੀ ਸੁੰਦਰ ਦੀਪ ਮਾਲਾ ਕੀਤੀ ਜਾਵੇਗੀ, ਜਿਸ ਨਾਲ ਪੂਰਾ ਸੱਚਖੰਡ ਕੰਪਲੈਕਸ ਦੀਵਿਆਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਉੱਠੇਗਾ ਅਤੇ ਰਾਤ ਦੇ ਸਮੇਂ ਅਲੌਕਿਕ ਆਤਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਣਯੋਗ ਹੋਵੇਗਾ। ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਬੈਠਣ ਅਤੇ ਗੁਰੂ ਕੇ ਲੰਗਰ ਦੇ ਵਿਸ਼ੇਸ਼ ਅਤੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।
| ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ ਨੂੰ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਵੱਡੀ ਸੌਗਾਤ, ਧੂਰੀ ਵਿੱਚ ਰੇਲਵੇ ਓਵਰਬ੍ਰਿਜ ਦਾ ਰੱਖਣਗੇ ਨੀਂਹ ਪੱਥਰ |









Users Today : 48
Users Yesterday : 17
Users Last 7 days : 568