ਬਰਨਾਲਾ ਬਿਊਰੋ
ਭਦੌੜ ਵਿਖੇ ਸਥਿਤ ਮੁੱਖ ਸੇਵਾ ਕੇਂਦਰ ਬੀਤੀ 26 ਮਈ ਤੋਂ ਲਗਾਤਾਰ ਮੁਕੰਮਲ ਰੂਪ ਵਿੱਚ ਬੰਦ ਪਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮਾਨਸਿਕ ਅਤੇ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਪਣੀਆਂ ਹੱਕੀ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸੇਵਾ ਕੇਂਦਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਬਰਨਾਲਾ ਵਿਖੇ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਦਿੱਤਾ ਹੋਇਆ ਹੈ, ਜਿਸ ਕਾਰਨ ਕੇਂਦਰ ਦੇ ਮੁੱਖ ਗੇਟ ਨੂੰ ਜਿੰਦਰਾ ਲੱਗ ਚੁੱਕਾ ਹੈ ਅਤੇ ਰੋਜ਼ਾਨਾ ਦੂਰ-ਦੁਰਾਡੇ ਪਿੰਡਾਂ ਤੋਂ ਆਪਣੇ ਸਰਕਾਰੀ ਕੰਮ-ਕਾਜ, ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਬਣਵਾਉਣ ਆਉਣ ਵਾਲੇ ਆਮ ਲੋਕ ਨਿਰਾਸ਼ ਹੋ ਕੇ ਖਾਲੀ ਹੱਥ ਪਰਤਣ ਲਈ ਮਜਬੂਰ ਹਨ।

ਇਸ ਗੰਭੀਰ ਸਥਿਤੀ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਸੇਵਾ ਕੇਂਦਰ ਦੇ ਲਗਾਤਾਰ ਬੰਦ ਰਹਿਣ ਕਾਰਨ ਉਨ੍ਹਾਂ ਦੇ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ ਸਮੇਤ ਕਈ ਹੋਰ ਅਹਿਮ ਸਰਕਾਰੀ ਕੰਮ ਪੂਰੀ ਤਰ੍ਹਾਂ ਲਟਕ ਗਏ ਹਨ, ਜਿਸ ਕਾਰਨ ਆਮ ਜਨਤਾ ਦੀ ਖੱਜਲ-ਖੁਆਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦੇ ਆਲਮ ਵਿੱਚ ਦਿਨ ਕੱਟਣੇ ਪੈ ਰਹੇ ਹਨ। ਮੁਲਾਜ਼ਮਾਂ ਦੀ ਇਸ ਹੜਤਾਲ ਕਾਰਨ ਸਭ ਤੋਂ ਵੱਧ ਮਾਰ ਗਰੀਬ ਅਤੇ ਮਜ਼ਦੂਰ ਵਰਗ ‘ਤੇ ਪੈ ਰਹੀ ਹੈ,

ਜੋ ਆਪਣੀ ਦਿਹਾੜੀ ਭੰਨ ਕੇ ਇੱਥੇ ਕੰਮ ਕਰਵਾਉਣ ਆਉਂਦੇ ਹਨ ਪਰ ਅੱਗੋਂ ਤਾਲਾ ਲੱਗਿਆ ਦੇਖ ਕੇ ਉਨ੍ਹਾਂ ਨੂੰ ਭਾਰੀ ਨਿਰਾਸ਼ਾ ਹੁੰਦੀ ਹੈ। ਸਥਾਨਕ ਲੋਕਾਂ ਨੇ ਇਕਜੁੱਟ ਹੋ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਹ ਇਸ ਨਾਜ਼ੁਕ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਸੇਵਾ ਕੇਂਦਰ ਦੇ ਹੜਤਾਲੀ ਮੁਲਾਜ਼ਮਾਂ ਨਾਲ ਰਾਬਤਾ ਕਾਇਮ ਕਰੇ, ਉਨ੍ਹਾਂ ਨਾਲ ਮੇਜ਼ ‘ਤੇ ਬੈਠ ਕੇ ਗੱਲਬਾਤ ਦਾ ਦੌਰ ਸ਼ੁਰੂ ਕਰੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹਮਦਰਦੀ ਪੂਰਵਕ ਨਿਪਟਾਰਾ ਕਰਕੇ ਇਸ ਧਰਨੇ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਏ ਤਾਂ ਜੋ ਸੇਵਾ ਕੇਂਦਰ ਦਾ ਕੰਮ-ਕਾਜ ਦੁਬਾਰਾ ਪਹਿਲਾਂ ਵਾਂਗ ਸੁਚਾਰੂ ਰੂਪ ਵਿੱਚ ਸ਼ੁਰੂ ਹੋ ਸਕੇ ਅਤੇ ਆਮ ਜਨਤਾ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਹਮੇਸ਼ਾ ਲਈ ਨਿਜਾਤ ਮਿਲ ਸਕੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਆਰੀਆਭੱਟਾ ਕਾਲਜ ਵਿਖੇ ਵਿਸ਼ਵ ਪ੍ਰਸਿੱਧ ਵਿਚਾਰਕ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾਦਾਇਕ ਸੈਮੀਨਾਰ ਸਫਲਤਾਪੂਰਵਕ ਸੰਪੰਨ









Users Today : 10
Users Yesterday : 10
Users Last 7 days : 314