ਬਰਨਾਲਾ ਬਿਊਰੋ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਇੱਕ ਅਹਿਮ ਮਹੀਨਾਵਾਰ ਮੀਟਿੰਗ ਗੁਰਦੁਆਰਾ ਤ੍ਰਿਵੈਣੀ ਸਾਹਿਬ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਯੋਗ ਅਗਵਾਈ ਹੇਠ ਸੰਪੰਨ ਹੋਈ, ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਕਿਸਾਨਾਂ ਅਤੇ ਆਮ ਲੋਕਾਂ ਨਾਲ ਜੁੜੇ ਕਈ ਭਖਦੇ ਮੁੱਦਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹੱਦ ਕਰਜ਼ੇ ਵਧਾਉਣ ਲਈ ਕੀਤੇ ਗਏ ਲੰਬੇ ਧਰਨਾ ਪ੍ਰਦਰਸ਼ਨ ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਹੱਦ ਕਰਜ਼ੇ ਵਧਾਉਣ ਦੇ ਕੀਤੇ ਗਏ ਐਲਾਨ ਦਾ ਜਥੇਬੰਦੀ ਪੁਰਜ਼ੋਰ ਸੁਆਗਤ ਕਰਦੀ ਹੈ। ਇਸ ਦੌਰਾਨ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਪਟਿਆਲਾ ਵਿਖੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਉੱਪਰ ਸਰਕਾਰ ਵੱਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਵਿੱਚ ਆਵਾਜਾਈ ਦੀ ਸਮੱਸਿਆ ਚੁੱਕਦਿਆਂ ਬਲਾਕ ਜਨਰਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਮੋਗੇ ਤੋਂ ਬਰਨਾਲਾ ਜਾਣ ਵਾਲੀਆਂ ਬੱਸਾਂ ਅਕਸਰ ਪੱਖੋਂ ਕੈਂਚੀਆਂ ਪੁੱਲ ਕੋਲ ਹੀ ਸਵਾਰੀਆਂ ਨੂੰ ਉਤਾਰ ਕੇ ਚਲੀਆਂ ਜਾਂਦੀਆਂ ਹਨ ਅਤੇ ਕਈ ਵਾਰ ਬੱਸਾਂ ਖੜ੍ਹਾਉਂਦੀਆਂ ਵੀ ਨਹੀਂ, ਜੇਕਰ ਪੱਖੋਂ ਕੈਂਚੀਆਂ ਚੌਕ ਵਿੱਚ ਸਵਾਰੀਆਂ ਨੂੰ ਚੜ੍ਹਾਉਣ ਅਤੇ ਉਤਾਰਨ ਦਾ ਪ੍ਰਬੰਧ ਠੀਕ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸੇ ਤਰ੍ਹਾਂ ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ ਨੇ ਦੱਸਿਆ ਕਿ ਅਲਕੜੇ ਪਿੰਡ ਦੇ ਨੇੜੇ ਇੱਕ ਜੈਵਿਕ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਦਾ ਪੂਰਾ ਪਿੰਡ ਡਟ ਕੇ ਵਿਰੋਧ ਕਰ ਰਿਹਾ ਹੈ ਅਤੇ ਜਥੇਬੰਦੀ ਪਿੰਡ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਇਸ ਲਈ ਕਿਸੇ ਵੀ ਕੀਮਤ ‘ਤੇ ਇਹ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ ਸੁਖਪੁਰਾ, ਦਰਸ਼ਨ ਸਿੰਘ ਮਹਿਤਾ, ਕਰਮਜੀਤ ਸਿੰਘ ਭਦੌੜ, ਹਰਬੰਸ ਸਿੰਘ ਭਦੌੜ, ਬਬਲੀ ਸ਼ਹਿਣਾ, ਕਾਲਾ ਨੀਲੋਂ ਕੋਠੇ, ਸੁਖਦੇਵ ਸਿੰਘ ਗਿੱਲ ਕੋਠੇ, ਗੇਜਾ ਸਿੰਘ ਨੈਣੇਵਾਲ, ਵਿਸ਼ਾਖਾ ਸਿੰਘ ਭਦੌੜ, ਗੁਰਮੇਲ ਸਿੰਘ ਅਲਕੜਾ, ਜਰਨੈਲ ਸਿੰਘ ਵਿਧਾਤਾ, ਗੁਰਮੇਲ ਸਿੰਘ ਦੀਪਗੜ੍ਹ, ਭੋਲਾ ਸਿੰਘ ਸੁਖਪੁਰਾ, ਗੁਰਮੇਲ ਸਿੰਘ ਜਗਜੀਤਪੁਰਾ, ਮੇਲਾ ਸਿੰਘ ਢਿੱਲਵਾਂ, ਮਿੱਠੂ ਸਿੰਘ ਮੌੜ ਨਾਭਾ, ਮਲਵਿੰਦਰ ਸਿੰਘ ਟੱਲੇਵਾਲ, ਰਜਿੰਦਰ ਸਿੰਘ ਚੀਮਾ, ਬਿੰਦਰ ਸਿੰਘ ਜੋਧਪੁਰ ਅਤੇ ਸ਼ੇਰ ਸਿੰਘ ਜੰਗੀਆਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਆਰੀਆਭੱਟਾ ਕਾਲਜ ਵਿਖੇ ਵਿਸ਼ਵ ਪ੍ਰਸਿੱਧ ਵਿਚਾਰਕ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾਦਾਇਕ ਸੈਮੀਨਾਰ ਸਫਲਤਾਪੂਰਵਕ ਸੰਪੰਨ









Users Today : 10
Users Yesterday : 10
Users Last 7 days : 314