ਬਰਨਾਲਾ ਬਿਊਰੋ 22 ਅਪ੍ਰੈਲ
ਵਾਤਾਵਰਣ ਦੀ ਸੰਭਾਲ ਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਹੋਕਾ ਦਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਧਰਤੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਸਕੂਲ ਦੇ ਮੁਖ ਅਧਿਆਪਕ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਉਲੀਕਿਆ ਗਿਆ। ਜਿਸ ’ਚ ਵਿਦਿਆਰਥੀਆਂ ਨੇ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੰਦਿਆਂ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸਕੂਲ ਕੈਂਪਸ ’ਚ ਪੌਦੇ ਲਗਾਉਣ ਦੀ ਮੁਹਿੰਮ ਨਾਲ ਹੋਈ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰਲ ਕੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ। ਇਸ ਮੌਕੇ ਬੱਚਿਆਂ ਨੇ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਚੁੱਕੀ। ਪੇਂਟਿੰਗ ਮੁਕਾਬਲਿਆਂ ਰਾਹੀਂ ਉਕੇਰੀਆਂ ਵਾਤਾਵਰਣ ਦੀਆਂ ਚੁਣੌਤੀਆਂ। ਧਰਤੀ ਦਿਵਸ ਦੇ ਮੌਕੇ `ਤੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਪੇਂਟਿੰਗਾਂ ਰਾਹੀਂ ਬੱਚਿਆਂ ਨੇ ਆਪਣੀ ਕਲਾ ਦੇ ਰੰਗਾਂ ਨਾਲ ਮੌਜੂਦਾ ਗੰਭੀਰ ਮੁੱਦਿਆਂ ਨੂੰ ਬੜੀ ਬਾਰੀਕੀ ਨਾਲ ਉਭਾਰਿਆ। ਵਿਦਿਆਰਥੀਆਂ ਨੇ ਆਪਣੀਆਂ ਕ੍ਰਿਤੀਆਂ ’ਚ ਫੈਕਟਰੀਆਂ ਰਾਹੀਂ ਫੈਲ ਰਹੇ ਪ੍ਰਦੂਸ਼ਣ ਦੇ ਮਾਰੂ ਪ੍ਰਭਾਵ। ਪਾਣੀ ਦੀ ਬੂੰਦ-ਬੂੰਦ ਨੂੰ ਬਚਾਉਣ ਦਾ ਸੰਦੇਸ਼। ਰੁਖਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਤੇ ਧਰਤੀ ਬਚਾਓ ਵਰਗੇ ਵਿਸ਼ਿਆਂ `ਤੇ ਖੂਬਸੂਰਤ ਚਿੱਤਰ ਬਣਾਏ। ਪੇਟਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਗੁਰਜੋਤ ਕੌਰ ਨੇ ਪਹਿਲਾ ਸਥਾਨ, ਏਕਮਨੂਰ ਕੌਰ ਨੇ ਦੂਜਾ ਸਥਾਨ, ਗੁਰਨੂਰ ਕੌਰ ਤੇ ਲਵਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਗਗਨਦੀਪ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਨੀਲਮ ਯਾਦਵ ਤੇ ਨਵਜੋਤ ਕੌਰ ਸਮੇਤ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ।
ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਧਿਆਪਕਾ ਲਖਵਿੰਦਰ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਰਾਖੀ ਲਈ ਸਾਨੂੰ ਵੱਡੇ ਪ੍ਰੋਜੈਕਟਾਂ ਦੀ ਉਡੀਕ ਕਰਨ ਦੀ ਲੋੜ ਨਹੀਂ। ਸਗੋਂ ਸਾਡੇ ਵਲੋਂ ਪੁੱਟੇ ਗਏ ਛੋਟੇ-ਛੋਟੇ ਕਦਮ ਜਿਵੇਂ ਕਿ ਪਾਣੀ ਦੀ ਸੁਚੱਜੀ ਵਰਤੋਂ, ਮੀਂਹ ਦੇ ਪਾਣੀ ਦੀ ਸੰਭਾਲ ਤੇ ਗਿੱਲੇ-ਸੁੱਕੇ ਕੂੜੇ ਦਾ ਸਹੀ ਨਿਪਟਾਰਾ ਧਰਤੀ ਨੂੰ ਬਚਾਉਣ ’ਚ ਵੱਡਾ ਯੋਗਦਾਨ ਪਾ ਸਕਦੇ ਹਨ।
ਧਰਤੀ ਬਚਾਓ, ਜੀਵਨ ਬਚਾਓ ਦਾ ਦਿੱਤਾ ਸੰਦੇਸ਼
ਮੁਖ ਅਧਿਆਪਕ ਨਰਿੰਦਰ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਧਰਤੀ ਸਾਡੀ ਮਾਂ ਵਰਗੀ ਹੈ। ਜੋ ਸਾਨੂੰ ਜੀਵਨ ਜਿਉਣ ਲਈ ਅੰਨ, ਜਲ ਤੇ ਆਕਸੀਜਨ ਵਰਗੀਆਂ ਅਨਮੋਲ ਦਾਤਾਂ ਬਖਸ਼ਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਤੀ ਦਿਵਸ ਸਿਰਫ਼ ਇਕ ਦਿਨ ਦਾ ਰਸਮੀ ਜਸ਼ਨ ਨਹੀਂ ਹੈ। ਸਗੋਂ ਇਹ ਹਰ ਰੋਜ਼ ਕੁਦਰਤ ਦੀ ਸੰਭਾਲ ਕਰਨ ਦਾ ਪ੍ਰਣ ਲੈਣ ਦਾ ਦਿਨ ਹੈ। ਉਨ੍ਹਾਂ ਨੇ ਧਰਤੀ ਬਚਾਓ, ਜੀਵਨ ਬਚਾਓ ਦਾ ਨਾਅਰਾ ਬੁਲੰਦ ਕਰਦਿਆਂ ਬੱਚਿਆਂ ਨੂੰ ਕੁਦਰਤ ਦੇ ਪਹਿਰੇਦਾਰ ਬਣਨ ਦੀ ਅਪੀਲ ਕੀਤੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਸੀ ਐਚ ਸੀ ਮਹਿਲ ਕਲਾਂ ਵਿਖੇ ਗਰਭਵਤੀ ਔਰਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ |









Users Today : 20
Users Yesterday : 18
Users Last 7 days : 130