ਬਰਨਾਲਾ ਬਿਊਰੋ 11 ਅਪ੍ਰੈਲ
ਬਲਾਕ ਸ਼ਹਿਣਾ ਦੇ ਪਿੰਡ ਪੱਖੋਕੇ ਦੇ ਨਰਿੰਦਰ ਪਾਲ ਸਿੰਘ ਪੁੱਤਰ ਮਿੱਠੂ ਸਿੰਘ ਆਪਣੇ ਪਿੰਡ ਦੇ ਸਰਪੰਚ ਤੋਂ ਪਰੇਸ਼ਾਨ ਹੋ ਕੇ ਪੱਖੋ ਕੈਂਚੀਆਂ ਸਥਿਤ 150 ਫੁੱਟ ਉੱਚੇ ਮੋਬਾਈਲ ਟਾਵਰ ਦੇ ਸਿਖ਼ਰ `ਤੇ ਚੜ੍ਹ ਗਿਆ। ਟਾਵਰ `ਤੇ ਚੜ੍ਹੇ ਨਰਿੰਦਰ ਪਾਲ ਸਿੰਘ ਨੇ ਭਾਵੁਕ ਹੁੰਦਿਆਂ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵੀ ਵਾਇਰਲ ਕੀਤੀ। ਵੀਡੀਓ ’ਚ ਰੋਂਦੇ-ਕੁਰਲਾਉਂਦੇ ਹੋਏ ਉਸ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਹੁਰੇ ਪੱਖ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਬਾਅਦ ’ਚ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸਮਝੌਤਾ ਕਰਵਾ ਦਿੱਤਾ ਸੀ। ਜਿਸ ’ਚ ਇਹ ਤੈਅ ਹੋਇਆ ਸੀ ਕਿ ਨਰਿੰਦਰ ਪਾਲ ਦੇ ਮ੍ਰਿਤਕ ਭਰਾ ਕੁਲਦੀਪ ਸਿੰਘ ਦੇ ਬੱਚਿਆਂ ਦੇ ਭਵਿੱਖ ਲਈ 3 ਲੱਖ 20 ਹਜ਼ਾਰ ਰੁਪਏ ਦੀ ਐੱਫਡੀ ਕਰਵਾਈ ਜਾਵੇਗੀ। ਇਸ ਦੇ ਬਦਲੇ ਨਰਿੰਦਰ ਪਾਲ ਨੂੰ ਮਾਨਯੋਗ ਅਦਾਲਤ ’ਚ ਇਹ ਸਮਝੌਤਾ ਮਨਜ਼ੂਰ ਕਰਨਾ ਸੀ। ਟਾਵਰ `ਤੇ ਚੜ੍ਹੇ ਨਰਿੰਦਰ ਪਾਲ ਸਿੰਘ ਨੇ ਸਰਪੰਚ `ਤੇ ਦੋਸ਼ ਲਾਇਆ ਕਿ ਉਸ ਨੂੰ ਜਾਣਬੁਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਉਸ ਨੂੰ ਅਦਾਲਤ ’ਚ ਗਵਾਹੀ ਦੇਣੀ ਸੀ ਤੇ ਦੂਜੀ ਪਾਰਟੀ ਨੇ ਬੱਚਿਆਂ ਦੇ ਨਾਂ `ਤੇ ਰਾਸ਼ੀ ਜਮ੍ਹਾਂ ਕਰਵਾਉਣੀ ਸੀ। ਪਰ ਪਿਛਲੇ ਦਿਨੀਂ ਅਦਾਲਤ ’ਚ ਜੱਜ ਸਾਹਿਬ ਦੇ ਨਾ ਆਉਣ ਕਾਰਨ ਗਵਾਹੀ ਨਹੀਂ ਹੋ ਸਕੀ। ਇਸੇ ਦੌਰਾਨ ਦੂਜੀ ਪਾਰਟੀ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਦੁਖੀ ਹੋ ਕੇ ਉਹ ਟਾਵਰ `ਤੇ ਚੜ੍ਹ ਗਿਆ। ਉਸ ਦੀ ਮੰਗ ਹੈ ਕਿ ਉਸ ਦੇ ਮ੍ਰਿਤਕ ਭਰਾ ਦੇ ਬੱਚਿਆਂ ਨੂੰ ਇਨਸਾਫ਼ ਮਿਲੇ ਤੇ ਸਮਝੌਤੇ ਦੀ ਪੂਰੀ ਰਾਸ਼ੀ ਦੀ ਐੱਫਡੀ ਤੁਰੰਤ ਕਰਵਾਈ ਜਾਵੇ।
ਸਮਝੌਤੇ ਦੀ ਰਕਮ ਪੰਚਾਇਤ ਕੋਲ ਅਮਾਨਤ ਵਜੋਂ ਸੁਰੱਖਿਅਤ: ਸਰਪੰਚ
ਦੂਜੇ ਪਾਸੇ ਪਿੰਡ ਪੱਖੋਕੇ ਦੇ ਸਰਪੰਚ ਗੁਰਚਰਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਦੀ ਰਕਮ ਪੰਚਾਇਤ ਕੋਲ ਅਮਾਨਤ ਵਜੋਂ ਸੁਰੱਖਿਅਤ ਹੈ। ਸਰਪੰਚ ਅਨੁਸਾਰ ਨਿਯਮ ਇਹ ਸੀ ਕਿ ਅਦਾਲਤ ’ਚ ਗਵਾਹੀ ਹੋਣ ਤੋਂ ਬਾਅਦ ਹੀ ਇਹ ਰਾਸ਼ੀ ਬੱਚਿਆਂ ਦੇ ਨਾਂ ਟ੍ਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਪਾਲ ਗਵਾਹੀ ਦਿੱਤੇ ਬਿਨਾਂ ਹੀ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਪੁਲਿਸ ਨੇ ਸਮਝਾ-ਬੁਝਾ ਕੇ ਟਾਵਰ ਤੋਂ ਹੇਠਾਂ ਉਤਾਰਿਆ
ਪੱਖੋ ਕੈਂਚੀਆਂ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਭਰਾ ਦੀ ਮੌਤ ਦੇ ਮਾਮਲੇ ’ਚ ਬਠਿੰਡਾ ਦੇ ਭੁੱਚੋ ਮੰਡੀ ਥਾਣੇ ’ਚ ਕੇਸ ਦਰਜ ਸੀ। ਅੱਜ ਦੋਵਾਂ ਪੱਖਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਪਰ ਉਸ ਤੋਂ ਪਹਿਲਾਂ ਹੀ ਨਰਿੰਦਰ ਪਾਲ ਟਾਵਰ `ਤੇ ਚੜ੍ਹ ਗਿਆ। ਪੁਲਿਸ ਨੇ ਉਸ ਨੂੰ ਸਮਝਾ-ਬੁਝਾ ਕੇ ਹੇਠਾਂ ਉਤਾਰਿਆ ਤੇ ਦੁਬਾਰਾ ਦੋਵਾਂ ਪੱਖਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਗਿਆ ਹੈ। ਟਾਵਰ ਤੋਂ ਹੇਠਾਂ ਉਤਰਨ ਤੋਂ ਬਾਅਦ ਵੀ ਨਰਿੰਦਰ ਪਾਲ ਸਿੰਘ ਆਪਣੇ ਸਰਪੰਚ `ਤੇ ਲਾਏ ਦੋਸ਼ਾਂ `ਤੇ ਅੜਿਆ ਰਿਹਾ। ਜਦਕਿ ਸਰਪੰਚ ਨੇ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ। ਫਿਲਹਾਲ ਪੁਲਿਸ ਦੀ ਦਖ਼ਲਅੰਦਾਜ਼ੀ ਨਾਲ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਆਧੁਨਿਕ ਤੇ ਵਿਗਿਆਨਕ ਖੇਤੀ ਅਪਣਾ ਕੇ ਕਿਸਾਨ ਵੱਧ ਮੁਨਾਫ਼ਾ ਕਮਾ ਸਕਦੇ ਹਨ: ਡੀਸੀ |









Users Today : 11
Users Yesterday : 11
Users Last 7 days : 131