ਲੁਧਿਆਣਾ ਬਿਊਰੋ:
ਲੁਧਿਆਣਾ ਦੇ ਪਾਇਲ ਹਲਕੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਵਾਲੇ ਫਲੈਕਸ ਬੋਰਡ ਉਤਾਰਨ ਦਾ ਮਾਮਲਾ ਗਰਮਾ ਗਿਆ ਹੈ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਅਤੇ ਗੁਰਦੁਆਰਾ ਕਮੇਟੀ ਦੇ ਬਿਆਨਾਂ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਮਾਮਲੇ ਵਿੱਚ ਮੁੱਖ ਮੰਤਰੀ ਨੂੰ ‘ਗੁਰੂ ਦੋਖੀ ਅਤੇ ਪੰਥ ਵਿਰੋਧੀ’ ਐਲਾਨ ਕੇ ਸੰਗਤ ਨੂੰ ਉਨ੍ਹਾਂ ਦਾ ਬਾਈਕਾਟ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਦੇ ਤਹਿਤ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਰੋਸ ਬੋਰਡ ਲਗਾਏ ਗਏ ਸਨ। ਇਸ ਕਾਰਵਾਈ ਸਬੰਧੀ ਜਦੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਦੋਰਾਹਾ ਦੇ ਮੁਖੀ ਆਕਾਸ਼ ਦੱਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਪੋਸਟਰ ਗੁਰਦੁਆਰਾ ਕਮੇਟੀ ਵੱਲੋਂ ਹੀ ਉਤਰਵਾਏ ਗਏ ਹਨ ਅਤੇ ਪੁਲਿਸ ਨੇ ਸਿਰਫ਼ ਕਿਸੇ ਵਿਵਾਦ ਨੂੰ ਰੋਕਣ ਲਈ ਉੱਥੋਂ ਬੋਰਡ ਚੁੱਕੇ ਹਨ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਚੰਚਲਪ੍ਰੀਤ ਸਿੰਘ ਨੇ ਪੁਲਿਸ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਸਵੇਰੇ ਤੜਕੇ ਚਾਰ ਵਿਅਕਤੀ ਇੱਕ ਗੱਡੀ ਵਿੱਚ ਆਏ ਸਨ, ਜਿਨ੍ਹਾਂ ਵਿੱਚੋਂ ਦੋ ਵਰਦੀਧਾਰੀ ਪੁਲਿਸ ਮੁਲਾਜ਼ਮ ਅਤੇ ਦੋ ਸਾਦੇ ਕੱਪੜਿਆਂ ਵਿੱਚ ਸਨ, ਜਿਨ੍ਹਾਂ ਨੇ ਇਹ ਬੋਰਡ ਉਤਾਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਫਰਜ਼ ਹੈ। ਇਸ ਦੌਰਾਨ ਸਿਆਸੀ ਹਲਕਿਆਂ ਵਿੱਚ ਵੀ ਤਣਾਅ ਵਧ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਬੋਰਡ ਉਤਰਵਾਉਣ ਦੀ ਗੱਲ ਸਾਹਮਣੇ ਆਈ ਹੈ ਤਾਂ ਜੋ ਗੁਰਦੁਆਰਾ ਸਾਹਿਬ ਵਿਖੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਦੋ ਨੌਜਵਾਨਾਂ ਦੀ ਅੰਤਿਮ ਅਰਦਾਸ ਮੌਕੇ ਕੋਈ ਵਿਵਾਦ ਨਾ ਹੋਵੇ। ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਇਸ ਨੂੰ ਪੁਲਿਸ ਰਾਜ ਅਤੇ ਜੰਗਲ ਰਾਜ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਸਾਰੀ ਕਾਰਵਾਈ ਸਥਾਨਕ ਵਿਧਾਇਕ ਦੇ ਇਸ਼ਾਰੇ ‘ਤੇ ਕੀਤੀ ਗਈ ਹੈ, ਜੋ ਸਰਕਾਰ ਦੇ ਡਰ ਨੂੰ ਬਿਆਨ ਕਰਦੀ ਹੈ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।
| ਕੱਚੇ ਤੇਲ ਦੇ ਰੇਟਾਂ ਵਿੱਚ ਵੱਡੀ ਗਿਰਾਵਟ: ਕੀ ਦੇਸ਼ ਵਿੱਚ ਸਸਤਾ ਹੋਵੇਗਾ ਪੈਟਰੋਲ ਅਤੇ ਡੀਜ਼ਲ? |









Users Today : 1
Users Yesterday : 15
Users Last 7 days : 540