ਬੇਅੰਤ ਬਰਨਾਲਾ
ਜ਼ਿਲ੍ਹਾ ਬਰਨਾਲਾ ਦੇ ਅਧੀਨ ਪੈਂਦੇ ਪਿੰਡ ਠੁੱਲੇਵਾਲ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਇੱਕ ਮਾਂ ਨੇ ਆਪਣੇ ਪੁੱਤਰਾਂ ਦੀ ਜ਼ਮੀਨ ਬਚਾਉਣ ਦੀ ਖ਼ਾਤਰ ਮੌਤ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਦੇ ਮੈਂਬਰ ਗੁਰਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਤਾਏ ਦੇ ਲੜਕੇ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਮਲਕੀਅਤ ਵਾਲੀ ਜ਼ਮੀਨ ਉੱਪਰ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਸਬੰਧਿਤ ਥਾਣਾ ਠੁੱਲੀਵਾਲ ਦੀ ਪੁਲਿਸ ਨੂੰ ਲਿਖਤੀ ਸੂਚਨਾ ਦੇ ਦਿੱਤੀ ਸੀ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੂਜੀ ਧਿਰ ਦੇ ਹੌਸਲੇ ਬੁਲੰਦ ਰਹੇ। ਐਤਵਾਰ ਵਾਲੇ ਦਿਨ ਜਦੋਂ ਗੁਰਦੀਪ ਸਿੰਘ ਕਿਸੇ ਕੰਮ ਲਈ ਸ਼ਹਿਰ ਗਿਆ ਹੋਇਆ ਸੀ ਤਾਂ ਪਿੱਛੋਂ ਵਿਰੋਧੀ ਧਿਰ ਨੇ ਮੁੜ ਜ਼ਮੀਨ ਹੜੱਪਣ ਦੀ ਨੀਅਤ ਨਾਲ ਖੇਤਾਂ ਵਿੱਚ ਦਸਤਕ ਦਿੱਤੀ

ਜਿਸ ਨੂੰ ਰੋਕਣ ਲਈ ਉਸ ਦੀ ਬਜ਼ੁਰਗ ਮਾਂ ਇਕੱਲੀ ਹੀ ਖੇਤਾਂ ਵਿੱਚ ਪਹੁੰਚ ਗਈ। ਦੋਸ਼ ਹੈ ਕਿ ਕਬਜ਼ਾ ਕਰਨ ਪਹੁੰਚੇ ਵਿਅਕਤੀਆਂ ਨੇ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮਹਿਲਾ ਨਾਲ ਧੱਕਾਮੁੱਕੀ ਕੀਤੀ ਅਤੇ ਉਸ ਉੱਪਰ ਟਰੈਕਟਰ ਚੜ੍ਹਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਜ਼ਲਾਲਤ ਅਤੇ ਆਪਣੀ ਹੱਕ ਦੀ ਸੱਤ ਵਿੱਘੇ ਜ਼ਮੀਨ ਨੂੰ ਖੁੱਸਦਾ ਵੇਖ ਮਾਂ ਨੇ ਮੌਕੇ ‘ਤੇ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਕਾਰਨ ਉਸ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਤੁਰੰਤ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਦੂਜੇ ਪਾਸੇ ਥਾਣਾ ਮੁਖੀ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਦੋਵਾਂ ਪਰਿਵਾਰਾਂ ਦਾ ਆਪਸੀ ਜ਼ਮੀਨੀ ਝਗੜਾ ਹੈ ਅਤੇ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਪਹਿਲਾਂ ਵੀ ਬੁਲਾਇਆ ਗਿਆ ਸੀ ਪਰ ਇੱਕ ਧਿਰ ਦੇ ਗੈਰ-ਹਾਜ਼ਰ ਰਹਿਣ ਕਾਰਨ ਮਸਲਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਹੁਣ ਮਹਿਲਾ ਦੇ ਬਿਆਨ ਦਰਜ ਕਰਨ ਲਈ ਪੁਲਿਸ ਅਧਿਕਾਰੀ ਹਸਪਤਾਲ ਭੇਜੇ ਗਏ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਪਿੰਡ ਜੈਮਲ ਸਿੰਘ ਵਾਲਾ ਵਿਖੇ 40 ਲੱਖ ਦੀ ਲਾਗਤ ਨਾਲ ਬਣਨ ਵਾਲੇ ਵੈੱਲਨੈਸ ਸੈਂਟਰ ਦਾ ਕੰਮ ਸ਼ੁਰੂ ਕਰਵਾਇਆ |









Users Today : 10
Users Yesterday : 10
Users Last 7 days : 314