ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਬਦਲ ਰਿਹਾ ਹੈ: ਸਕੂਲ ਮੈਨੇਜਮੈਂਟ
ਬਰਨਾਲਾ ਬਿਊਰੋ 7 ਅਪ੍ਰੈਲ
ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਤੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਇਸ ਦੌਰਾਨ ਸਕੂਲ ਦੇ ਸਾਰੇ 31 ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਸ਼ੇਸ਼ ਕਿੱਟ ਬੈਗ ਵੰਡੇ ਗਏ। ਸਕੂਲ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਸ਼ਲਾਘਾਯੋਗ ਕਾਰਜ ਇਲਾਕੇ ਦੇ ਨਾਮਵਰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਪੰਚ ਤੇ ਗੁਰਮੇਲ ਸਿੰਘ ਰਿਟਾ. ਮੈਨੇਜਰ ਫੂਡ ਸਪਲਾਈ ਵਲੋਂ ਬੱਚਿਆਂ ਲਈ ਇਹ ਬੈਗ ਦਾਨ ਵਜੋਂ ਦਿੱਤੇ ਗਏ ਹਨ। ਸਕੂਲ ਪ੍ਰਬੰਧਕਾਂ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਰਕਾਰੀ ਸਕੂਲਾਂ ’ਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਮਨੋਬਲ ਵਧਦਾ ਹੈ। ਇਸ ਦੌਰਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਇਸ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉਹ ਸਾਰੀਆਂ ਆਧੁਨਿਕ ਸਹੂਲਤਾਂ ਮਿਲ ਰਹੀਆਂ ਹਨ। ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ’ਚ ਮਿਲਦੀਆਂ ਹਨ। ਉਨ੍ਹਾਂ ਸਮਾਜ ਦੇ ਹੋਰ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਅੱਗੇ ਆਉਣ ਤਾਂ ਜੋ ਬਾਕੀ ਰਹਿੰਦੇ ਬੱਚਿਆਂ ਨੂੰ ਵੀ ਅਜਿਹੀਆਂ ਸਹੂਲਤਾਂ ਤੇ ਕਿੱਟਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਸਕੂਲ ਕਮੇਟੀ ਦੇ ਸੀਨੀਅਰ ਮੈਂਬਰ ਹਰਬੰਸ ਸਿੰਘ ਫੌਜੀ, ਨੀਲਮ ਯਾਦਵ, ਨਵਜੋਤ ਕੌਰ ਸਣੇ ਅਧਿਆਪਕ ਹਰਜਿੰਦਰ ਭੱਟੀ ਤੇ ਗਗਨਦੀਪ ਸਿੰਘ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਸਕੂਲ ਸਟਾਫ਼ ਨੇ ਸਮੂਹ ਦਾਨੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ।
ਪੰਜਾਬ ਦਾ ਪਹਿਲਾ ਸਕੂਲ ਬਣਨ ਦਾ ਮਾਣ
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰੇਸ਼ਮ ਸਿੰਘ ਨੇ ਇਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ 1 ਅਪ੍ਰੈਲ ਨੂੰ ਸਾਰੇ ਵਿਦਿਆਰਥੀਆਂ ਨੂੰ ਆਈ-ਕਾਰਡ ਮੁਹੱਈਆ ਕਰਵਾਉਣ ਵਾਲਾ ਇਹ ਪੰਜਾਬ ਦਾ ਇਕਲੌਤਾ ਸਰਕਾਰੀ ਸਕੂਲ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਆਈ-ਕਾਰਡ, ਟਾਈ, ਬੈਲਟ ਤੇ ਸਕੂਲ ਡਾਇਰੀਆਂ ਦਾ ਪ੍ਰਬੰਧ ਜੋਗਾ ਸਿੰਘ ਚੋਪੜਾ ਤੇ ਸੁਖਵਿੰਦਰ ਸਿੰਘ ਥਾਣੇਦਾਰ ਵਲੋਂ ਕੀਤਾ ਗਿਆ ਹੈ। ਜੋ ਕਿ ਬੱਚਿਆਂ ਨੂੰ ਇਕ ਅਨੁਸ਼ਾਸਿਤ ਤੇ ਕਾਰਪੋਰੇਟ ਸਕੂਲ ਵਰਗਾ ਅਹਿਸਾਸ ਕਰਵਾਏਗਾ।
ਸਰਕਾਰੀ ਸਿੱਖਿਆ ਪ੍ਰਣਾਲੀ ’ਚ ਲੋਕ-ਹਿੱਸੇਦਾਰੀ ਦੀ ਮਿਸਾਲ
ਇਹ ਉਪਰਾਲਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜੇਕਰ ਅਧਿਆਪਕ ਤੇ ਇਲਾਕਾ ਨਿਵਾਸੀ ਇਕਜੁੱਟ ਹੋ ਜਾਣ ਤਾਂ ਸਰਕਾਰੀ ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਜਾ ਸਕਦੀ ਹੈ। ਸਕੂਲ ਦੀ ਇਸ ਪ੍ਰਾਪਤੀ ਨੇ ਨਾ ਕੇਵਲ ਬੱਚਿਆਂ ’ਚ ਉਤਸ਼ਾਹ ਭਰਿਆ ਹੈ। ਸਗੋਂ ਮਾਪਿਆਂ ਦਾ ਵਿਸ਼ਵਾਸ ਵੀ ਸਰਕਾਰੀ ਸਿੱਖਿਆ ਪ੍ਰਣਾਲੀ ’ਚ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ। ਪਿੰਡ ਵਾਸੀਆਂ ਨੇ ਸਕੂਲ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਧਿਆਪਕ ਨਿੱਜੀ ਦਿਲਚਸਪੀ ਲੈ ਕੇ ਬੱਚਿਆਂ ਦਾ ਭਵਿੱਖ ਸੰਵਾਰ ਰਹੇ ਹਨ। ਉਹ ਬਾਕੀ ਸਕੂਲਾਂ ਲਈ ਵੀ ਇਕ ਮਾਰਗਦਰਸ਼ਕ ਮਿਸਾਲ ਹੈ।
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ `ਤੇ ਜ਼ੋਰ
ਅਖੀਰ ’ਚ ਸਕੂਲ ਮੁਖੀ ਨਰਿੰਦਰ ਕੁਮਾਰ ਨੇ ਕਿਹਾ ਕਿ ਕਿੱਟ ਬੈਗ, ਵਰਦੀ ਤੇ ਹੋਰ ਸਹਾਇਕ ਸਮੱਗਰੀ ਮਿਲਣ ਨਾਲ ਬੱਚਿਆਂ ’ਚ ਸਕੂਲ ਆਉਣ ਦੀ ਰੁਚੀ ਵਧਦੀ ਹੈ। ਸਕੂਲ ਪ੍ਰਬੰਧਕਾਂ ਦਾ ਮੁਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ। ਸਗੋਂ ਉਨ੍ਹਾਂ ਨੂੰ ਹਰ ਪੱਖੋਂ ਸਮੇਂ ਦੇ ਹਾਣੀ ਬਣਾਉਣਾ ਹੈ। ਇਸ ਮੌਕੇ ਬੱਚਿਆਂ ਦੇ ਚਿਹਰਿਆਂ `ਤੇ ਨਜ਼ਰ ਆ ਰਹੀ ਖੁਸ਼ੀ ਤੇ ਨਵੇਂ ਬੈਗਾਂ ਪ੍ਰਤੀ ਉਨ੍ਹਾਂ ਦਾ ਚਾਅ ਦੇਖਣਯੋਗ ਸੀ। ਜੋ ਕਿ ਸਕੂਲ ਤੇ ਦਾਨੀ ਸੱਜਣਾਂ ਦੀ ਸਾਂਝੀ ਸਫਲਤਾ ਦਾ ਪ੍ਰਤੀਕ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ









Users Today : 9
Users Yesterday : 16
Users Last 7 days : 197