ਬਰਨਾਲਾ ’ਚ ‘ਬਾਲਾ ਜੀ’ ਦੇ ਖਾਣ- ਪੀਣ ਵਾਲੀਆਂ ਵਸਤਾਂ ਦੇ ਮਿਆਰ ’ਤੇ ਉੱਠੀ ਉਂੰਗਲ
ਗੁਰਮੀਤ ਸਿੰਘ ਬਰਨਾਲਾ / ਮਨੋਜ ਸ਼ਰਮਾ
ਬਰਨਾਲਾ।
ਨਮਕੀਨ ਖਾਣ ਦੇ ਸ਼ੌਕੀਨ ਸਾਵਧਾਨ ਹੋਣ ਜਾਣ। ਕਿਉਂਕਿ ਬਰਨਾਲਾ ਜ਼ਿਲ੍ਹੇ ਅੰਦਰ ਚਿੱਟੇ- ਦਿਨ ‘ਬਾਲਾ ਜੀ’ ਨਾਂਅ ਦੇ ਹੇਠ ਵਿਕ ਰਹੇ ਪੈਕਟਾਂ ਰਾਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਵੇਲੇ ਚਿੰਤਾ ਹੋਰ ਵਧ ਜਾਂਦੀ ਹੈ ਜਦੋਂ ਸਬੰਧਿਤ ਵਿਭਾਗ ਦੇ ਅਧਿਕਾਰੀ ਅਜਿਹੀ ਕਿਸੇ ਵੀ ਤਰ੍ਹਾਂ ਦੀ ਹੋ ਰਹੀ ਅਣ- ਮਨੁੱਖੀ ਕਾਰਵਾਈ ਤੋਂ ਅਣਜਾਣ ਹੋਣ ਦੀ ਗੱਲ ਆਖਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਧੜੱਲੇ ਨਾਲ ਵਿਕ ਰਹੇ ਇੰਨ੍ਹਾਂ ਵੱਖ- ਵੱਖ ਨਮਕੀਨ ਦੇ ਪੈਕਟਾਂ ਉੱਪਰ ਕੰਪਨੀ ਵੱਲੋਂ ਵੇਚੇ ਜਾ ਰਹੇ ਸਾਮਾਨ ਦੀ ਪੈਕਿੰਗ, ਵਜਨ, ਬੈਚ ਨੰਬਰ ਜਾਂ ਮਿਆਦ ਦਾ ਉੱਕਾ ਹੀ ਜ਼ਿਕਰ ਨਹੀਂ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਪੈਕਟਾਂ ਤੋਂ ਕੰਪਨੀ ਦੇ ਦਫਤਰ ਦਾ ਪਤਾ, ਮੈਨੂਫੈਕਚਰਿੰਗ ਪਤਾ, ਸੰਪਰਕ ਨੰਬਰ, ਫੂਡ ਸੇਫਟੀ ਰਜਿਸਟ੍ਰਰੇਸ਼ਨ ਤੇ ਜੀਐਸਟੀ ਨੰਬਰ ਵਰਗੀ ਲਾਜ਼ਮੀ ਜਾਣਕਾਰੀ ਵੀ ਗਾਇਬ ਹੈ। ਇਕ ਹੋਰ ਗੰਭੀਰ ਪਹਿਲੂ ਪੈਕਟ ਉੱਪਰ ਕੁਲ ਵਜ਼ਨ ਦਾ ਦਰਜ ਨਾ ਹੋਣਾ ਵੀ ਸਾਹਮਣੇ ਆਇਆ ਹੈ। ਜੋ ਕਿ ਸਿੱਧੇ ਤੌਰ ਤੇ ਨਾਪਤੋਲ ਵਿਭਾਗ ਦੀ ਵੱਡੀ ਅਣਗਹਿਲੀ ਵੱਲ ਇਸ਼ਾਰਾ ਕਰਦਾ ਹੈ। ਨਿਯਮਾਂ ਅਨੁਸਾਰ ਕਿਸੇ ਵੀ ਪੈਕ ਕੀਤੇ ਸਾਮਾਨ ਉੱਤੇ ਉਸਦਾ ਸਹੀ ਵਜ਼ਨ ਲਿਖਣਾ ਲਾਜ਼ਮੀ ਹੈ ਤਾਂ ਜੋ ਗਾਹਕ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੀ ਕੀਮਤ ਬਦਲੇ ਕਿੰਨੀ ਮਾਤਰਾ ’ਚ ਸਾਮਾਨ ਖਰੀਦ ਰਿਹਾ ਹੈ ਪਰ ਬਾਲਾ ਜੀ ਨਮਕੀਨ ਦੇ ਪੈਕਟਾਂ ’ਤੇ ਵਜ਼ਨ ਦਾ ਜ਼ਿਕਰ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਨਾਪਤੋਲ ਵਿਭਾਗ ਦੇ ਅਧਿਕਾਰੀਆਂ ਨੇ ਕਦੇ ਬਾਜ਼ਾਰਾਂ ’ਚ ਜਾ ਕੇ ਇਨ੍ਹਾਂ ਉਤਪਾਦਾਂ ਦੀ ਚੈਕਿੰਗ ਕਰਨ ਦੀ ਜ਼ਹਿਮਤ ਨਹੀਂ ਉਠਾਈ। ਵਿਭਾਗ ਦੀ ਇਸ ਕਥਿਤ ਸੁਸਤੀ ਕਾਰਨ ਨਾ ਸਿਰਫ਼ ਖਪਤਕਾਰਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਸਗੋਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੀਆਂ ਅਜਿਹੀਆਂ ਇਕਾਈਆਂ ਨੂੰ ਵੀ ਹੱਲਾਸ਼ੇਰੀ ਮਿਲ ਰਹੀ ਹੈ।
ਕਿਵੇਂ ਹੋਇਆ ਖੁਲਾਸ਼ਾ
ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਰਨਾਲਾ ਬੱਸ ਸਟੈਂਡ ’ਤੇ ਇਕ ਗਾਹਕ ਨੇ ਪਾਪੜੀ ਨਮਕੀਨ ਭੁਜੀਆ ਦਾ ਪੈਕਟ ਖਰੀਦਿਆ। ਜਦੋਂ ਉਸਨੇ ਆਪਣੇ ਸਾਥੀਆਂ ਨਾਲ ਇਸਦਾ ਸੇਵਨ ਕੀਤਾ ਤਾਂ ਸਵਾਦ ’ਚ ਫਰਕ ਮਹਿਸੂਸ ਹੋਇਆ। ਸ਼ੱਕ ਹੋਣ ’ਤੇ ਜਦੋਂ ਪੈਕਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪੈਕਿੰਗ ’ਤੇ ਕਾਨੂੰਨੀ ਤੌਰ ’ਤੇ ਜ਼ਰੂਰੀ ਕੋਈ ਵੀ ਜਾਣਕਾਰੀ ਨਹੀਂ ਸੀ। ਕੰਪਨੀ ਵਲੋਂ ਵਰਤੀ ਜਾ ਰਹੀ ਪੈਕਿੰਗ ਪੂਰੀ ਤਰ੍ਹਾਂ ਨਿਯਮਾਂ ਦੇ ਉਲਟ ਤੇ ਫਰਜ਼ੀ ਜਾਪ ਰਹੀ ਸੀ। ਦੂਜੇ ਪਾਸੇ ਪੀੜ੍ਹਤ ਨੌਜਵਾਨਾਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਅਣਗਹਿਲੀ ਕੰਪਨੀ ਪ੍ਰਬੰਧਕ ਇਕੱਲੇ ਨਹੀਂ ਕਰ ਸਕਦੇ। ਇਸ ਮਾਮਲੇ ਦੇ ਖੁਲਾਸੇ ਲਈ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਵਾਲ ਇਹ ਉੱਠਦਾ ਹੈ ਕਿ ਜੇਕਰ ਕੰਪਨੀ ਕੋਲ ਫੂਡ ਸੇਫਟੀ ਲਾਇਸੰਸ ਤੇ ਜੀਐੱਸਟੀ ਨੰਬਰ ਮੌਜੂਦ ਹੈ ਤਾਂ ਫਿਰ ਇੰਨੇ ਸਾਲਾਂ ਤੋਂ ਇਹ ਜਾਣਕਾਰੀ ਪੈਕਟਾਂ ਉੱਤੇ ਕਿਉਂ ਨਹੀਂ ਛਾਪੀ ਗਈ? ਕੀ ਸਿਹਤ ਵਿਭਾਗ ਤੇ ਸਬੰਧਤ ਅਧਿਕਾਰੀ ਜਾਣਬੁਝ ਕੇ ਇਸ ਮਾਮਲੇ ਨੂੰ ਅੱਖੋਂ-ਪਰੋਖੇ ਕਰ ਰਹੇ ਸਨ ਜਾਂ ਫਿਰ ਕਿਸੇ ਮਜਬੂਰੀ ਵੱਸ ਚੁਪੀ ਧਾਰੀ ਹੋਈ ਸੀ?
‘ਲੇਬਰ ਦੀ ਘਾਟ ਕਾਰਨ ਹੋਈ ਗਲਤੀ’
ਜਦੋਂ ਇਸ ਸਬੰਧੀ ਬਾਲਾ ਜੀ ਨਮਕੀਨ ਕੰਪਨੀ ਦੇ ਪ੍ਰਬੰਧਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਕੋਲ ਲਾਇਸੰਸ ਮੌਜੂਦ ਹਨ। ਹਾਲਾਂਕਿ ਪੈਕਿੰਗ ’ਤੇ ਜਾਣਕਾਰੀ ਨਾ ਹੋਣ ਪਿੱਛੇ ਉਨ੍ਹਾਂ ਨੇ ਅਜੀਬੋ- ਗਰੀਬ ਤਰਕ ਦਿੰਦਿਆਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਲੇਬਰ ਦੀ ਘਾਟ ਤੇ ਪੁਰਾਣੇ ਲਿਫਾਫੇ ਸਟਾਕ ’ਚ ਹੋਣ ਕਾਰਨ ਇਹ ਗਲਤੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਵੀਂ ਪੈਕਿੰਗ ਵਾਲਾ ਸਾਮਾਨ ਦੁਕਾਨਾਂ ’ਤੇ ਬਦਲ ਦਿੱਤਾ ਜਾਵੇਗਾ।
‘ਪੜਤਾਲ ਕਰਾਂਗੇ’
ਸੰਪਰਕ ਕੀਤੇ ਜਾਣ ’ਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦਫਤਰ ਖੁੱਲ੍ਹਦੇ ਹੀ ਕੰਪਨੀ ਦੇ ਯੂਨਿਟ ਤੇ ਸਬੰਧਤ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਖਰੀਦਣ ਵੇਲੇ ਬੈਚ ਨੰਬਰ, ਬਣਾਉਣ ਤੇ ਮਿਆਦ ਲੰਘਣ ਦੀ ਮਿਤੀ ਦੀ ਜਾਂਚ ਜ਼ਰੂਰ ਕਰਨ।








Users Today : 4
Users Yesterday : 26
Users Last 7 days : 128