Home » ਪ੍ਰਮੁੱਖ ਖ਼ਬਰਾਂ » ਝੂਠੀ ਸ਼ੋਹਰਤ ਅਤੇ ਪੁਲਿਸ ਸੁਰੱਖਿਆ ਦੀ ਭੁੱਖ ਨੇ ਭੱਠਾ ਮਾਲਕ ਨੂੰ ਪਹੁੰਚਾਇਆ ਜੇਲ੍ਹ

ਝੂਠੀ ਸ਼ੋਹਰਤ ਅਤੇ ਪੁਲਿਸ ਸੁਰੱਖਿਆ ਦੀ ਭੁੱਖ ਨੇ ਭੱਠਾ ਮਾਲਕ ਨੂੰ ਪਹੁੰਚਾਇਆ ਜੇਲ੍ਹ

ਗੈਂਗਸਟਰ ਦੇ ਨਾਂ 'ਤੇ ਖੁਦ ਨੂੰ ਧਮਕੀ ਦਿਵਾਉਣ ਦੀ ਸਾਜ਼ਿਸ਼ ਦਾ ਪੁਲਿਸ ਵੱਲੋਂ ਪਰਦਾਫਾਸ਼, ਪੰਜ ਕਾਬੂ
[responsivevoice_button voice="Hindi Male"]

ਮਨੋਜ ਸ਼ਰਮਾ/ ਗੁਰਮੀਤ ਸਿੰਘ ਬਰਨਾਲਾ



ਬਰਨਾਲਾ ਪੁਲਿਸ ਨੇ ਇੱਕ ਅਜਿਹੇ ਸਨਸਨੀਖੇਜ਼ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਇੱਕ ਇੱਟ ਭੱਠਾ ਮਾਲਕ ਨੇ ਸਮਾਜ ਵਿੱਚ ਆਪਣੀ ਝੂਠੀ ਟੌਹਰ ਬਣਾਉਣ ਅਤੇ ਸਰਕਾਰੀ ਸੁਰੱਖਿਆ ਹਾਸਲ ਕਰਨ ਲਈ ਖੁਦ ਹੀ ਗੈਂਗਸਟਰਾਂ ਦੇ ਨਾਂ ‘ਤੇ ਫਿਰੌਤੀ ਦੀਆਂ ਧਮਕੀਆਂ ਦਿਵਾਉਣ ਦਾ ਡਰਾਮਾ ਰਚਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਐਸਪੀ ਅਸ਼ੋਕ ਕੁਮਾਰ, ਡੀਐਸਪੀ ਰਾਜਿੰਦਰ ਪਾਲ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਿਵਮ ਮਿੱਤਲ ਉਰਫ ਨਵੀ ਨਾਮਕ ਭੱਠਾ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਦੋਂ ਤਕਨੀਕੀ ਜਾਂਚ ਅਤੇ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆਉਣ ‘ਤੇ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ ਕਿਉਂਕਿ ਇਹ ਸਾਰਾ ਜਾਲ ਸ਼ਿਕਾਇਤਕਰਤਾ ਨੇ ਖੁਦ ਹੀ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਬੁਣਿਆ ਸੀ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਸ਼ਿਵਮ ਮਿੱਤਲ ਨੇ ਆਪਣੇ ਡਰਾਈਵਰ ਪਰਮਜੀਤ ਸਿੰਘ ਅਤੇ ਕਰਮਚਾਰੀ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਇਹ ਯੋਜਨਾ ਤਿਆਰ ਕੀਤੀ ਸੀ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਗੁਰਪ੍ਰੀਤ ਸਿੰਘ ਦੇ ਦੋਸਤਾਂ ਕੁਲਵੰਤ ਰਾਏ ਅਤੇ ਕਮਲਪ੍ਰੀਤ ਨਿਵਾਸੀ ਪਿੰਡ ਭਾਈ ਰੂਪਾ (ਬਠਿੰਡਾ) ਦੀ ਮਦਦ ਲਈ ਗਈ ਸੀ

ਜਿਨ੍ਹਾਂ ਨੇ ਵੱਖ-ਵੱਖ ਮੋਬਾਈਲ ਨੰਬਰਾਂ ਅਤੇ ਵਟਸਐਪ ਵੌਇਸ ਮੈਸੇਜਾਂ ਰਾਹੀਂ ਸ਼ਿਵਮ ਨੂੰ ਧਮਕੀਆਂ ਭੇਜੀਆਂ ਸਨ ਤਾਂ ਜੋ ਪੁਲਿਸ ਨੂੰ ਗੁੰਮਰਾਹ ਕਰਕੇ ਗੰਨਮੈਨ ਹਾਸਲ ਕੀਤੇ ਜਾ ਸਕਣ। ਪੁਲਿਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਸਾਜ਼ਿਸ਼ ਵਿੱਚ ਸ਼ਾਮਲ ਭੱਠਾ ਮਾਲਕ ਸਮੇਤ ਪੰਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 315 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਇਨੋਵਾ ਗੱਡੀ ਵੀ ਬਰਾਮਦ ਕਰ ਲਈ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਪੁਲਿਸ ਨੂੰ ਝੂਠੀ ਸੂਚਨਾ ਦੇਣ, ਅਫਵਾਹਾਂ ਫੈਲਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਹੈ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਅਤੇ ਬਰਾਮਦ ਕੀਤੇ ਗਏ ਅਸਲੇ ਸਮੇਤ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਅਤੇ ਹੋਰ ਪੁਲਿਸ ਅਧਿਕਾਰੀ।

0 0 votes
Article Rating
Subscribe
Notify of
guest
0 Comments
Oldest
Newest Most Voted