ਸੰਗਰੂਰ ਬਿਊਰੋ
ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਦਾ ਇੱਕਤਾਲੀਵਾਂ ਸ਼ਹੀਦੀ ਦਿਹਾੜਾ ਲੋਂਗੋਵਾਲ ਦੀ ਅਨਾਜ ਮੰਡੀ ਵਿਖੇ ਪੂਰੇ ਉਤਸ਼ਾਹ, ਸ਼ਰਧਾ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਸ਼ਹੀਦੀ ਸਮਾਗਮ ਵਿੱਚ ਅਕਾਲੀ ਸੋਚ ਨਾਲ ਜੁੜੇ ਵੱਡੀ ਗਿਣਤੀ ਵਿੱਚ ਲੋਕਾਂ, ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕਰਕੇ ਸੰਤ ਲੋਂਗੋਵਾਲ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਏਕਤਾ ਅਤੇ ਪੰਥਕ ਹੱਕਾਂ ਦੀ ਰਾਖੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਉਨ੍ਹਾਂ ਦੀ ਇਹ ਸ਼ਹਾਦਤ ਪੰਜਾਬ ਦੇ ਇਤਿਹਾਸ ਦਾ ਇੱਕ ਅਮਿੱਟ ਅਧਿਆਇ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਪੰਜਾਬ ਇੱਕ ਗੰਭੀਰ ਤਰਾਸਦੀ ਅਤੇ ਬਹੁਪੱਖੀ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਬਹੁਪੱਖੀ ਸੰਕਟ ਵਿੱਚੋਂ ਸੂਬੇ ਨੂੰ ਬਾਹਰ ਕੱਢਣ ਲਈ ਸਿਰਫ਼ ਸੱਤਾ ਦੀ ਰਾਜਨੀਤੀ ਦੀ ਨਹੀਂ, ਸਗੋਂ ਸਿਧਾਂਤਕ, ਪੰਥਕ ਅਤੇ ਪੰਜਾਬ-ਪੱਖੀ ਸੋਚ ਨੂੰ ਮੁੜ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੀ ਦੁਹਾਈ ਦੇ ਕੇ ਪੰਜਾਬ ਵਿੱਚ ਸਰਕਾਰਾਂ ਬਣਾਈਆਂ, ਉਨ੍ਹਾਂ ਵੱਲੋਂ ਹੀ ਸਮੇਂ ਦੇ ਨਾਲ ਪੰਥਕ ਸੋਚ ਅਤੇ ਸਿਧਾਂਤਾਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਪੰਜਾਬ ਦੇ ਅਹਿਮ ਮਸਲਿਆਂ ਦੀ ਸੁਣਵਾਈ ਲਈ ਕੋਈ ਪ੍ਰਭਾਵਸ਼ਾਲੀ ਆਵਾਜ਼ ਨਜ਼ਰ ਨਹੀਂ ਆ ਰਹੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਰਾਜਨੀਤੀ ਪਰਿਵਾਰਾਂ ਅਤੇ ਨਿੱਜੀ ਹਿੱਤਾਂ ਦੀ ਬਜਾਏ ਪੰਥ, ਪੰਜਾਬ ਅਤੇ ਆਮ ਲੋਕਾਂ ਦੇ ਹਿੱਤਾਂ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਲੋਂਗੋਵਾਲ ਦੀ ਵਿਰਾਸਤ ਸਾਨੂੰ ਸਿਧਾਂਤਾਂ, ਸਾਦਗੀ ਅਤੇ ਪੰਜਾਬ ਦੇ ਹੱਕਾਂ ਲਈ ਡਟ ਕੇ ਖੜ੍ਹਨ ਦੀ ਪ੍ਰੇਰਣਾ ਦਿੰਦੀ ਹੈ, ਇਸ ਲਈ ਅੱਜ ਲੋੜ ਹੈ ਕਿ ਅਕਾਲੀ ਸੋਚ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉਠਾ ਕੇ ਮੁੜ ਲੋਕਾਂ ਦੀ ਆਵਾਜ਼ ਬਣਾਇਆ ਜਾਵੇ। ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੰਤ ਲੋਂਗੋਵਾਲ ਦੀ ਸ਼ਹਾਦਤ ਪੰਜਾਬ ਦੇ ਅਮਨ ਅਤੇ ਭਾਈਚਾਰਕ ਏਕਤਾ ਲਈ ਦਿੱਤੀ ਗਈ ਅਤਿ ਮਹਾਨ ਕੁਰਬਾਨੀ ਹੈ ਅਤੇ ਪੰਥਕ ਏਕਤਾ ਲਈ ਸਾਰੀਆਂ ਧਿਰਾਂ ਨੂੰ ਸਾਂਝੀ ਸੋਚ ਨਾਲ ਅੱਗੇ ਆਉਣਾ ਚਾਹੀਦਾ ਹੈ। ਇਸ ਦੌਰਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਸੰਤ ਲੋਂਗੋਵਾਲ ਦੀ ਸੋਚ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜੇਕਰ ਅਸੀਂ ਪੰਜਾਬ ਅਤੇ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ ਕੰਮ ਕਰੀਏ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਤ ਲੋਂਗੋਵਾਲ ਦੇ ਜੀਵਨ ਅਤੇ ਸੰਘਰਸ਼ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਆਗੂਆਂ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਵਿੱਚ ਭਾਈਚਾਰਕ ਏਕਤਾ ਅਤੇ ਪੰਥਕ ਚੜ੍ਹਦੀ ਕਲਾ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਲਾਪਤਾ ਭਤੀਜਾ ਅੰਮ੍ਰਿਤਸਰ ਤੋਂ ਸੁਰੱਖਿਅਤ ਮਿਲਿਆ









Users Today : 11
Users Yesterday : 24
Users Last 7 days : 180