ਕੇਂਦਰੀ ਬਿਊਰੋ:
ਨਵੀਂ ਦਿੱਲੀ ਦੇ ਕੇਸ਼ਵਪੂਰਮ ਸਥਿਤ ਜਾਟ ਮਿੱਤਰ ਭਵਨ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਜਿਵੇਂ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਨਵੀਂ ਦਿੱਲੀ ਅਤੇ ਉੱਤਰਾਖੰਡ ਤੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਸਿੱਖਿਆ ਦੇ ਅਧਿਕਾਰ ਕਾਨੂੰਨ ਦੋ ਹਜ਼ਾਰ ਨੌ ਲਾਗੂ ਹੋਣ ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਉੱਤੇ ਜਬਰੀ ਥੋਪੀ ਜਾ ਰਹੀ ਅਧਿਆਪਕ ਯੋਗਤਾ ਪ੍ਰੀਖਿਆ ਦੀ ਸ਼ਰਤ ਖ਼ਿਲਾਫ਼ ਇੱਕ ਜ਼ੋਰਦਾਰ ਅਤੇ ਭਰਵਾਂ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਦੀ ਮੰਗੀ ਗਈ ਇਜਾਜ਼ਤ ਨੂੰ ਦਿੱਲੀ ਪੁਲਿਸ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅਤੇ ਅਧਿਆਪਕਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਅਧਿਆਪਕਾਂ ਦੀਆਂ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ। ਇਸ ਸਭ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਬਦਲਵੇਂ ਸਥਾਨ ਉੱਤੇ ਪਹੁੰਚ ਕੇ ਇਸ ਵਿਸ਼ਾਲ ਪ੍ਰਦਰਸ਼ਨ ਨੂੰ ਸਫ਼ਲ ਬਣਾਇਆ। ਇਸ ਦੇਸ਼ ਪੱਧਰੀ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਇੱਕਜੁੱਟ ਹੋ ਕੇ ਮੰਗ ਕੀਤੀ ਕਿ ਦੇਸ਼ ਦੀ ਸੰਸਦ ਵਿੱਚ ਸਿੱਖਿਆ ਦੇ ਅਧਿਕਾਰ ਕਾਨੂੰਨ ਵਿੱਚ ਬਣਦੀ ਸੋਧ ਕੀਤੀ ਜਾਵੇ ਅਤੇ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਅਤੇ ਛੋਟ ਪ੍ਰਾਪਤ ਵਿਸ਼ਿਆਂ ਦੇ ਅਧਿਆਪਕਾਂ ਉੱਤੇ ਥੋਪੀ ਜਾ ਰਹੀ ਅਧਿਆਪਕ ਯੋਗਤਾ ਪ੍ਰੀਖਿਆ ਦੀ ਸ਼ਰਤ ਤੋਂ ਮੁਕੰਮਲ ਛੋਟ ਦਿੱਤੀ ਜਾਵੇ। ਜੋਆਇੰਟ ਟੀਚਰਜ਼ ਫ਼ਰੰਟ ਦੇ ਸੱਦੇ ਉੱਤੇ ਹੋਏ ਇਸ ਰੋਸ ਮੁਜ਼ਾਹਰੇ ਵਿੱਚ ਪੰਜਾਬ ਤੋਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਨੇ ਸਟੇਜ ਤੋਂ ਆਪਣੇ ਸੰਬੋਧਨ ਦੌਰਾਨ ਬਾਕੀ ਸੂਬਿਆਂ ਦੇ ਅਧਿਆਪਕਾਂ ਨਾਲ ਜਬਰੀ ਥੋਪੀ ਗਈ ਸ਼ਰਤ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਪ੍ਰਤੀ ਪੂਰੀ ਹਮਾਇਤ ਅਤੇ ਇੱਕਜੁੱਟਤਾ ਪ੍ਰਗਟਾਈ। ਆਪਣੇ ਭਾਸ਼ਣ ਵਿੱਚ ਅਧਿਆਪਕ ਆਗੂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਪਾਰਕ ਹਿੱਤਾਂ ਨੂੰ ਪੂਰਾ ਕਰਨ ਲਈ ਨਵੀਂ ਸਿੱਖਿਆ ਨੀਤੀ ਦੋ ਹਜ਼ਾਰ ਵੀਹ ਤਿਆਰ ਕੀਤੀ ਗਈ ਹੈ। ਇਸ ਨੀਤੀ ਤਹਿਤ ਸਕੂਲਾਂ ਦਾ ਸਮੂਹੀਕਰਨ ਕਰਕੇ ਕੰਪਲੈਕਸ ਸਕੂਲ ਪ੍ਰਬੰਧ ਖੜ੍ਹਾ ਕਰਨ, ਅਧਿਆਪਕਾਂ ਦੀ ਸੇਵਾ ਸੁਰੱਖਿਆ ਨੂੰ ਕਮਜ਼ੋਰ ਕਰਨ ਅਤੇ ਤਰੱਕੀਆਂ ਤੇ ਸਾਲਾਨਾ ਵਾਧੇ ਨੂੰ ਸੀਨੀਆਰਤਾ ਨਾਲੋਂ ਤੋੜ ਕੇ ਬੇਲੋੜੇ ਟੈਸਟਾਂ ਨਾਲ ਜੋੜਨ ਦੀ ਗੰਭੀਰ ਯੋਜਨਾ ਬਣਾਈ ਗਈ ਹੈ। ਉਨ੍ਹਾਂ ਅਧਿਆਪਕਾਂ ਨੂੰ ਇੱਕਜੁੱਟ ਹੋ ਕੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਅਜਿਹੇ ਸਾਰੇ ਨੀਤੀਗਤ ਫੈਸਲਿਆਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਅਤੇ ਪੰਜਾਬ ਦੇ ਅਧਿਆਪਕਾਂ ਵੱਲੋਂ ਸੰਘਰਸ਼ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਆਗੂਆਂ ਨੇ ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਵਿਖੇ ਰੈਲੀ ਦੀ ਪ੍ਰਵਾਨਗੀ ਰੱਦ ਕਰਨ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਅਧਿਆਪਕਾਂ ਨੂੰ ਪ੍ਰਦਰਸ਼ਨ ਦਾ ਹਿੱਸਾ ਬਣਨ ਤੋਂ ਰੋਕਣ ਲਈ ਕੀਤੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ, ਮੁਕੇਸ਼ ਕੁਮਾਰ, ਰਾਮ ਸ਼ਰਨ ਅਲੋਹਰਾਂ, ਸੁਖਵਿੰਦਰ ਗਿਰ, ਬਲਜਿੰਦਰ ਪ੍ਰਭੂ, ਭੁਪਿੰਦਰ ਸਿੰਘ ਸੜੋਆ, ਰੋਮੀ ਸਫੀਪੁਰ, ਪ੍ਰਿਤਪਾਲ ਸਿੰਘ ਚਹਿਲ, ਪਵਨ ਕੁਮਾਰ ਨਾਭਾ, ਅਮਨ ਵਸਿਸ਼ਟ, ਅਵਤਾਰ ਮਲੂਕਾ, ਕੁਲਵੰਤ ਸਿੰਘ ਖਨੌਰੀ, ਅੰਮ੍ਰਿਤ ਪਾਲ ਸਿੰਘ ਮਾਨ, ਪਰਵੀਨ ਕੁਮਾਰ ਸ਼ੇਰਪੁਰ, ਰਮੇਸ਼ ਮਲਕੋਵਾਲ, ਜਗਦੀਪ ਕੁਮਾਰ, ਰਜਿੰਦਰ ਸਿੰਘਲਾ, ਜਤਿੰਦਰ ਕੁਤਬਾ, ਮਨਜੋਤ ਛਾਪਾ ਅਤੇ ਰਿਸ਼ੂ ਕੁਮਾਰ ਸਮੇਤ ਵੱਡੀ ਗਿਣਤੀ ਅਧਿਆਪਕ ਆਗੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਸਰਕਾਰ ਦਾ ਵਿਦਿਆਰਥੀਆਂ ਦੇ ਹੱਕ ‘ਚ ਵੱਡਾ ਫ਼ੈਸਲਾ: ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਲਈ ਜਾਰੀ ਕੀਤਾ 15.72 ਕਰੋੜ ਰੁਪਏ ਦਾ ਵਜ਼ੀਫ਼ਾ









Users Today : 97
Users Yesterday : 14
Users Last 7 days : 242