ਬਰਨਾਲਾ ਬਿਊਰੋ
ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਪ੍ਰਸ਼ਾਸਨਿਕ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ, ਤੇਜ਼-ਤਰਾਰ ਅਤੇ ਨਾਗਰਿਕ-ਕੇਂਦਰਿਤ ਬਣਾਉਣ ਦੇ ਮਕਸਦ ਨਾਲ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਸੁਧਾਰਾਂ ਦੇ ਤਹਿਤ ਹੁਣ ਆਲ ਇੰਡੀਆ ਟੂਰਿਸਟ ਪਰਮਿਟ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਅਧਿਕਾਰਤ ਪਰਿਵਹਨ ਪੋਰਟਲ ਰਾਹੀਂ ਬਿਨੈਕਾਰਾਂ ਨੂੰ ਸਿੱਧੇ ਆਨਲਾਈਨ ਜਾਰੀ ਕੀਤੇ ਜਾਣਗੇ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਦੌਰਾਨ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਟੂਰਿਸਟ ਵਾਹਨ ਆਪਰੇਟਰਾਂ ਨੂੰ ਸਟੇਟ ਟਰਾਂਸਪੋਰਟ ਅਥਾਰਟੀ, ਮੋਹਾਲੀ ਦੇ ਦਫ਼ਤਰ ਤੋਂ ਖ਼ੁਦ ਜਾ ਕੇ ਪ੍ਰਿੰਟ ਕੀਤੇ ਪਰਮਿਟ ਪ੍ਰਾਪਤ ਕਰਨੇ ਪੈਂਦੇ ਸਨ। ਇਸ ਨਵੀਂ ਡਿਜੀਟਲ ਸਹੂਲਤ ਦੀ ਸ਼ੁਰੂਆਤ ਨਾਲ ਬਿਨੈਕਾਰ ਹੁਣ ਆਪਣੇ ਘਰ ਜਾਂ ਦਫ਼ਤਰ ਬੈਠੇ ਹੀ ਆਸਾਨੀ ਨਾਲ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਤੌਰ ‘ਤੇ ਜਾਣ ਦੀ ਲੋੜ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜਨਤਕ ਸੇਵਾਵਾਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪੂਰੀ ਤਰ੍ਹਾਂ ਪਰੇਸ਼ਾਨੀ-ਮੁਕਤ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਹੈ। ਆਲ ਇੰਡੀਆ ਟੂਰਿਸਟ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਕੇ ਦਫ਼ਤਰੀ ਲਾਲ ਫ਼ੀਤਾਸ਼ਾਹੀ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਸਰਕਾਰ ਤੇ ਨਾਗਰਿਕਾਂ ਵਿਚਕਾਰ ਦੂਰੀ ਨੂੰ ਮਿਟਾਇਆ ਗਿਆ ਹੈ। ਬਿਨੈਕਾਰਾਂ ਨੂੰ ਹੁਣ ਮੋਹਾਲੀ ਦਫ਼ਤਰ ਦੇ ਚੱਕਰ ਕੱਟਣ ਜਾਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਪਵੇਗੀ ਅਤੇ ਸਾਰੀਆਂ ਸੁਵਿਧਾਵਾਂ ਉਨ੍ਹਾਂ ਦੀਆਂ ਉਂਗਲਾਂ ‘ਤੇ ਉਪਲਬਧ ਹੋਣਗੀਆਂ। ਟਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਹਿਲਕਦਮੀ ਟਰਾਂਸਪੋਰਟ ਸੇਵਾਵਾਂ ਦੇ ਡਿਜੀਟਲ ਪ੍ਰਸਾਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਕੀਮਤੀ ਸਮੇਂ ਦੀ ਬੱਚਤ ਹੋਵੇਗੀ ਅਤੇ ਬੇਲੋੜੀ ਪ੍ਰਸ਼ਾਸਕੀ ਦੇਰੀ ਨੂੰ ਠੱਲ੍ਹ ਪਵੇਗੀ। ਸਾਡੇ ਟਰਾਂਸਪੋਰਟ ਆਪਰੇਟਰਾਂ ਲਈ ਸਮਾਂ ਬਹੁਤ ਕੀਮਤੀ ਹੈ ਅਤੇ ਇਹ ਡਿਜੀਟਲ ਸੁਧਾਰ ਨਾ ਸਿਰਫ਼ ਪਲਕ ਝਪਕਦਿਆਂ ਹੀ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ, ਸਗੋਂ ਕੁਸ਼ਲਤਾ ਅਤੇ ਜਵਾਬਦੇਹੀ ਦਾ ਇੱਕ ਨਵਾਂ ਮਿਆਰ ਵੀ ਕਾਇਮ ਕਰਦਾ ਹੈ। ਦਸਤਾਵੇਜ਼ੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਰਲ ਬਣਾ ਕੇ ਸੂਬੇ ਦੇ ਟਰਾਂਸਪੋਰਟ ਖੇਤਰ ਵਿੱਚ ਕਾਰੋਬਾਰ ਕਰਨ ਦੀ ਸੌਖ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਵਾਹਨ ਮਾਲਕ ਅਤੇ ਕਮਰਸ਼ੀਅਲ ਆਪਰੇਟਰ ਨੈਸ਼ਨਲ ਟਰਾਂਸਪੋਰਟ ਪੋਰਟਲ ਰਾਹੀਂ ਸਿੱਧੇ ਤੌਰ ‘ਤੇ ਆਪਣੇ ਮਨਜ਼ੂਰਸ਼ੁਦਾ ਦਸਤਾਵੇਜ਼ਾਂ ਨੂੰ ਦੇਖ ਸਕਦੇ ਹਨ, ਅਪਲਾਈ ਕਰ ਸਕਦੇ ਹਨ ਅਤੇ ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ ਚੌਵੀ ਘੰਟੇ ਸੁਵਿਧਾ ਅਤੇ ਨਿਰਵਿਘਨ ਕਾਰੋਬਾਰੀ ਗਤੀਵਿਧੀਆਂ ਯਕੀਨੀ ਬਣਨਗੀਆਂ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਲਾਪਤਾ ਭਤੀਜਾ ਅੰਮ੍ਰਿਤਸਰ ਤੋਂ ਸੁਰੱਖਿਅਤ ਮਿਲਿਆ









Users Today : 11
Users Yesterday : 24
Users Last 7 days : 180