ਬਰਨਾਲਾ ਬਿਊਰੋ
ਕਰਜ਼ੇ ਅਤੇ ਮੋਟੇ ਵਿਆਜ ਦੇ ਬੋਝ ਹੇਠ ਪੂਰੀ ਤਰ੍ਹਾਂ ਦੱਬੇ ਇੱਕ ਪ੍ਰੇਸ਼ਾਨ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਪ੍ਰਿੰਸ ਸਿੰਘ ਨੇ ਪ੍ਰਸ਼ਾਸਨ ਤੋਂ ਆਪਣੀ ਆਰਥਿਕ ਸਮੱਸਿਆ ਦਾ ਹੱਲ ਕਰਵਾਉਣ ਦੇ ਨਾਲ-ਨਾਲ ਆਪਣੇ ਪੂਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਆਪਣੀ ਬੇਵਸੀ ਜ਼ਾਹਰ ਕਰਦਿਆਂ ਪੀੜਤ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਉਸ ਦੀ ਇਸ ਵਿੱਤੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਮਾਨਸਿਕ ਤੌਰ ‘ਤੇ ਇੰਨਾ ਪ੍ਰੇਸ਼ਾਨ ਹੋ ਚੁੱਕਾ ਹੈ ਕਿ ਉਸ ਨੂੰ ਪਰਿਵਾਰ ਸਮੇਤ ਆਤਮਹੱਤਿਆ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਆਪਣੇ ਹਾਲਾਤ ਬਿਆਨ ਕਰਦਿਆਂ ਪ੍ਰਿੰਸ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੋਟਾ ਵਿਆਜ ਅਦਾ ਕਰਦਾ ਆ ਰਿਹਾ ਹੈ। ਕਰਜ਼ਾ ਚੁਕਾਉਣ ਲਈ ਉਸ ਨੇ ਆਪਣਾ ਮਕਾਨ ਅਤੇ ਜ਼ਮੀਨ ਤੱਕ ਗਿਰਵੀ ਰੱਖ ਦਿੱਤੀ ਹੈ, ਪਰ ਇਸ ਦੇ ਬਾਵਜੂਦ ਉਸ ਦਾ ਕਰਜ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਉਸ ਕੋਲ ਕਰਜ਼ਾ ਮੋੜਨ ਲਈ ਕੋਈ ਵੀ ਸਾਧਨ ਨਹੀਂ ਬਚਿਆ। ਪੀੜਤ ਨੇ ਦੋਸ਼ ਲਗਾਇਆ ਕਿ ਕਰਜ਼ਾ ਦੇਣ ਵਾਲੇ ਲੋਕ ਲਗਾਤਾਰ ਪੈਸੇ ਵਾਪਸ ਕਰਨ ਲਈ ਅਣਮਨੁੱਖੀ ਦਬਾਅ ਬਣਾ ਰਹੇ ਹਨ ਅਤੇ ਉਸ ਨੂੰ ਗੰਭੀਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਦਾਅਵਾ ਕੀਤਾ ਕਿ ਕੁਝ ਸ਼ਰਾਰਤੀ ਲੋਕ ਉਸ ਦਾ ਪਿੱਛਾ ਕਰਦੇ ਹਨ ਅਤੇ ਘਰ ਦੇ ਬਾਹਰ ਖੜ੍ਹੇ ਹੋ ਕੇ ਗਾਲੀ-ਗਲੋਚ ਅਤੇ ਧਮਕੀਆਂ ਦਿੰਦੇ ਹਨ। ਇੱਥੋਂ ਤੱਕ ਕਿ ਉਸ ਦੀ ਮਾਸੂਮ ਬੱਚੀ ਦਾ ਵੀ ਪਿੱਛਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਖ਼ੌਫ਼ ਦੇ ਮਾਹੌਲ ਵਿੱਚ ਜੀਣ ਲਈ ਮਜ਼ਬੂਰ ਹੈ। ਪੀੜਤ ਨੇ ਪ੍ਰਸ਼ਾਸਨ ਅੱਗੇ ਮੁੱਖ ਤੌਰ ‘ਤੇ ਦੋ ਮੰਗਾਂ ਰੱਖਦਿਆਂ ਕਿਹਾ ਕਿ ਉਸ ਦੇ ਕਰਜ਼ੇ ਅਤੇ ਵਿਆਜ ਨਾਲ ਜੁੜੀ ਸਮੱਸਿਆ ਦਾ ਜਾਇਜ਼ ਹੱਲ ਕਰਵਾਇਆ ਜਾਵੇ ਅਤੇ ਉਸ ਦੇ ਪਰਿਵਾਰ, ਜਿਸ ਵਿੱਚ ਉਸ ਦੀ ਪਤਨੀ, ਬੱਚੇ ਅਤੇ ਬਜ਼ੁਰਗ ਪਿਤਾ ਸ਼ਾਮਲ ਹਨ, ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਪੀੜਤ ਦੀ ਪਤਨੀ ਨੀਲਮ ਕੌਰ ਨੇ ਵੀ ਦਰਦ ਬਿਆਨ ਕਰਦਿਆਂ ਕਿਹਾ ਕਿ ਲਗਾਤਾਰ ਕਿਸ਼ਤਾਂ ਭਰਨ ਦੇ ਬਾਵਜੂਦ ਕਰਜ਼ਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ ਅਤੇ ਆਏ ਦਿਨ ਮਿਲ ਰਹੀਆਂ ਧਮਕੀਆਂ ਕਾਰਨ ਪੂਰਾ ਪਰਿਵਾਰ ਡਰਿਆ ਹੋਇਆ ਹੈ। ਦੂਜੇ ਪਾਸੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਪ੍ਰਾਪਤ ਹੋ ਗਈ ਹੈ, ਜਿਸ ਵਿੱਚ ਧਮਕੀਆਂ ਅਤੇ ਅਪਰਾਧਿਕ ਅਨਸਰਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਕੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦਾ ਸ਼ਾਂਤਮਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਭਦੌੜ ਨੂੰ ਸਬ-ਡਿਵੀਜ਼ਨ ਦਾ ਦਰਜਾ ਦਿਵਾਉਣ ਅਤੇ ਹਸਪਤਾਲ ‘ਚ ਡਾਕਟਰਾਂ ਦੀ ਤੈਨਾਤੀ ਲਈ ਪੱਕਾ ਧਰਨਾ ਤੀਜੇ ਦਿਨ ਵੀ ਜਾਰੀ |









Users Today : 26
Users Yesterday : 24
Users Last 7 days : 195