ਗੋਲੀ ਮੱਥੇ ‘ਚ ਵੱਜਣ ਕਾਰਨ ਭਤੀਜੇ ਨੇ ਮੌਕੇ ‘ਤੇ ਹੀ ਤੋੜਿਆ ਦਮ
ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਵਿਖੇ ਰਿਸ਼ਤਿਆਂ ਨੂੰ ਤਾਰ- ਤਾਰ ਕਰ ਦੇਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਚਾਚੇ ਨੇ ਜ਼ਮੀਨ ਦੇ ਟੋਟੇ ਦੀ ਖਾਤਰ ਆਪਣੇ ਸਕੇ ਭਤੀਜੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮੱਥੇ ਵਿੱਚ ਗੋਲੀ ਵੱਜਣ ਕਾਰਨ ਗੰਭੀਰ ਜਖਮੀ ਹੋਏ ਭਤੀਜੇ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਿਟੀਜਨ ਬਹਾਦਰ ਸਿੰਘ ਸੇਖੋਂ ਦਾ ਆਪਣੇ ਸਕੇ ਭਰਾ ਸਵਰਗਵਾਸੀ ਬਲਵਿੰਦਰ ਸਿੰਘ ਸੇਖੋ (ਸਾਬਕਾ ਸਰਪੰਚ) ਦੇ ਪੁੱਤਰ ਨਵਦੀਪ ਸਿੰਘ ਨਾਲ ਜ਼ਮੀਨ ਦੇ ਇੱਕ ਟੋਟੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹੁਣ ਜਦ ਬਹਾਦਰ ਸਿੰਘ ਪੰਜਾਬ ਆਇਆ ਹੋਇਆ ਸੀ ਤਾਂ ਉਸ ਦੀ ਮੁੜ ਨਵਦੀਪ ਨਾਲ ਖੇਤ ਵਿੱਚ ਹੀ ਕਹਾ- ਸੁਣੀ ਹੋ ਗਈ।

ਗੱਲ ਇੱਥੋਂ ਤੱਕ ਵੱਧ ਗਈ ਕਿ ਬਹਾਦਰ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਨਵਦੀਪ ਵੱਲ ਨੂੰ ਫਾਇਰ ਕੀਤਾ ਜੋ ਨਵਦੀਪ ਦੇ ਸਿੱਧਾ ਮੱਥੇ ਵਿੱਚ ਜਾ ਵੱਜਿਆ। ਗੋਲੀ ਵੱਜਦਿਆਂ ਹੀ ਨਵਦੀਪ ਜ਼ਮੀਨ ‘ਤੇ ਡਿੱਗ ਪਿਆ ਅਤੇ ਡਿਗਦਿਆਂ ਹੀ ਦਮ ਤੋੜ ਗਿਆ। ਪ੍ਰਤੱਖ ਦਰਸੀਆਂ ਅਨੁਸਾਰ ਕਥਿਤ ਦੋਸ਼ੀ ਨੇ ਇੱਥੇ ਹੀ ਵੱਸ ਨਹੀਂ ਕੀਤੀ ਜ਼ਮੀਨ ‘ਤੇ ਮ੍ਰਿਤਕ ਹਾਲਤ ਦੇ ਵਿੱਚ ਪਏ ਆਪਣੇ ਭਤੀਜੇ ਨਵਦੀਪ ਦੀ ਲਾਸ਼ ਉਪਰੋਂ ਆਪਣੀ ਗੱਡੀ ਵੀ ਲੰਘਾ ਦਿੱਤੀ ਅਤੇ ਵਿਦੇਸ਼ ਭੱਜਣ ਦੇ ਚੱਕਰ ਵਿੱਚ ਪਾਸਪੋਰਟ ਚੁੱਕਣ ਲਈ ਆਪਣੇ ਘਰ ਪਹੁੰਚਿਆ। ਜਿੱਥੇ ਉਸ ਨੂੰ ਲੋਕਾਂ ਨੇ ਘੇਰਾ ਪਾ ਕੇ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਦਿਆਂ ਹੀ ਪੁਲਿਸ ਨੇ ਪੁੱਜ ਕੇ ਬਹਾਦਰ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਦੂਜੇ ਪਾਸੇ ਇਹ ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਪੂਰਨ ਸਿੰਘ ਤੇ ਪੁਲਿਸ ਚੌਂਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਵੀ ਮੌਕੇ ਤੇ ਪੁੱਜ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੋਸੀ ਖਿਲਾਫ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।









Users Today : 6
Users Yesterday : 3
Users Last 7 days : 44