ਨਾਭਾ ਬਿਊਰੋ:
ਨਾਭਾ ਦੇ ਪਿੰਡ ਭੋੜੇ ਵਿਖੇ ਇੱਕ ਗਰੀਬ ਮਜ਼ਦੂਰ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦਾ 12 ਸਾਲ ਦਾ ਮਾਸੂਮ ਬੱਚਾ ਹਾਦਸਾਗ੍ਰਸਤ ਹੋ ਕੇ ਨਹਿਰ ਵਿੱਚ ਡਿੱਗ ਗਿਆ। ਬੱਚੇ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਦਾਦਾ-ਦਾਦੀ ਨਾਲ ਰੇਹੜੀ ‘ਤੇ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਬੱਚੇ ਦੇ ਦਾਦਾ-ਦਾਦੀ ਹਰ ਰੋਜ਼ ਵਾਂਗ ਸੜਕ ਦੇ ਕਿਨਾਰੇ ਖੜ੍ਹੇ ਘਾਹ-ਪੱਤੇ ਵੱਢਣ ਲਈ ਰੇਹੜੀ ‘ਤੇ ਜਾ ਰਹੇ ਸਨ ਅਤੇ ਹਰਿੰਦਰ ਰੇਹੜੀ ਦੇ ਪਿਛਲੇ ਪਾਸੇ ਬੈਠਾ ਹੋਇਆ ਸੀ। ਜਿਵੇਂ ਹੀ ਉਹ ਨਹਿਰ ਦੇ ਕੰਢੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਕਾਰਨ ਰੇਹੜੀ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਬੱਚਾ ਸਿੱਧਾ ਨਹਿਰ ਵਿੱਚ ਜਾ ਡਿੱਗਿਆ। ਬੱਚੇ ਨੂੰ ਬਚਾਉਣ ਲਈ ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਅਤੇ ਉੱਥੋਂ ਲੰਘ ਰਹੀ ਸਕੂਲ ਬੱਸ ‘ਚ ਸਵਾਰ ਬੱਚਿਆਂ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਉਹ ਬੱਚੇ ਨੂੰ ਬਾਹਰ ਕੱਢਣ ਵਿੱਚ ਅਸਫ਼ਲ ਰਹੇ ਅਤੇ ਬੱਚਾ ਪਾਣੀ ਦੇ ਤੇਜ਼ ਵਹਾਅ ਨਾਲ ਅੱਗੇ ਰੁੜ੍ਹ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਲਾਪਤਾ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪਹਾੜੀ ਖੇਤਰਾਂ ਤੋਂ ਆ ਰਹੇ ਬਰਸਾਤੀ ਪਾਣੀ ਵਿੱਚ ਮਿੱਟੀ ਅਤੇ ਗਾਰ ਹੋਣ ਕਾਰਨ ਨਹਿਰ ਦਾ ਪਾਣੀ ਬਹੁਤ ਗੰਧਲਾ ਹੋ ਚੁੱਕਾ ਹੈ, ਜਿਸ ਕਰਕੇ ਗੋਤਾਖੋਰਾਂ ਨੂੰ ਭਾਲ ਕਾਰਜਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਗੋਤਾਖੋਰਾਂ ਵੱਲੋਂ ਕਿਸ਼ਤੀ ਅਤੇ ਹੋਰ ਜ਼ਰੂਰੀ ਬਚਾਅ ਸਮੱਗਰੀ ਦੀ ਵਰਤੋਂ ਕਰਕੇ ਦੁਬਾਰਾ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ ਨਹਿਰ ਦੇ ਕਿਨਾਰੇ ਪਿੰਡ ਦੇ ਨੇੜੇ ਸੁਰੱਖਿਆ ਦੀਵਾਰ ਜਾਂ ਕੋਈ ਪੱਕੀ ਬਾਊਂਡਰੀ ਨਾ ਹੋਣ ‘ਤੇ ਵੀ ਗੰਭੀਰ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਪੀੜਤ ਪਰਿਵਾਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਅਤੇ ਪੂਰੀ ਰਾਤ ਬੱਚੇ ਦੀ ਕੋਈ ਸੂਹ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਕੁਰੜ ਵਿਖੇ ਦੂਸਰਾ ਕਬੱਡੀ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ, 55 ਕਿਲੋ ਵਰਗ ‘ਚ ਹਰਿਆਣਾ ਅਤੇ 35 ਕਿਲੋ ਵਰਗ ‘ਚ ਗਿਰਜੇਵਾਲ ਦੀ ਟੀਮ ਨੇ ਮਾਰੀ ਬਾਜ਼ੀ









Users Today : 2
Users Yesterday : 14
Users Last 7 days : 173