ਕੇਂਦਰੀ ਬਿਊਰੋ
ਦੇਸ਼ ਦੇ ਆਮਦਨ ਕਰਦਾਤਾਵਾਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਆਮਦਨ ਕਰ ਵਿਭਾਗ ਹੁਣ ਕੇਂਦਰੀ ਬਜਟ ਦੀ ਉਸ ਅਹਿਮ ਵਿਵਸਥਾ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦੇ ਤਹਿਤ ਟੈਕਸਦਾਤਾ ਹੁਣ ਘੱਟ ਜਾਂ ਜ਼ੀਰੋ ਟੈਕਸ ਕਟੌਤੀ ਸਰਟੀਫਿਕੇਟਾਂ ਲਈ ਇਲੈਕਟ੍ਰਾਨਿਕ ਯਾਨੀ ਆਨਲਾਈਨ ਤਰੀਕੇ ਨਾਲ ਅਰਜ਼ੀ ਦੇ ਸਕਣਗੇ। ਇਸ ਕਦਮ ਨਾਲ ਲੱਖਾਂ ਛੋਟੇ ਅਤੇ ਮੱਧਮ ਵਰਗ ਦੇ ਟੈਕਸਦਾਤਾਵਾਂ ਨੂੰ ਵੱਡੀ ਸਹੂਲਤ ਮਿਲੇਗੀ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਦਿੰਦਿਆਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਆਮਦਨ ਕਰ ਐਕਟ ਦੀਆਂ ਧਾਰਾਵਾਂ ਅਧੀਨ ਬਿਨਾਂ ਕਿਸੇ ਕਟੌਤੀ ਜਾਂ ਘੱਟ ਦਰਾਂ ’ਤੇ ਟੈਕਸ ਕਟੌਤੀ ਦੇ ਸਰਟੀਫਿਕੇਟ ਜਾਰੀ ਕਰਨ ਦੀ ਵਿਵਸਥਾ ਹੈ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਵਿੱਤ ਐਕਟ ਦੇ ਅਨੁਸਾਰ ਛੋਟੇ ਟੈਕਸਦਾਤਾਵਾਂ ਕੋਲ ਹੁਣ ਇਹ ਬਦਲ ਹੋਵੇਗਾ ਕਿ ਉਹ ਘੱਟ ਜਾਂ ਜ਼ੀਰੋ ਆਮਦਨ ਕਰ ਕਟੌਤੀ ਵਾਸਤੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਘਰ ਬੈਠੇ ਹੀ ਆਨਲਾਈਨ ਅਰਜ਼ੀ ਦੇ ਸਕਣਗੇ। ਟੈਕਸਦਾਤਾ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ ਦੇ ਆਧਾਰ ’ਤੇ ਮੰਜ਼ੂਰ ਕਰਕੇ ਸਰਟੀਫਿਕੇਟ ਦਿੱਤਾ ਜਾਵੇਗਾ, ਜਾਂ ਫਿਰ ਨਿਯਮਾਂ ’ਤੇ ਖਰਾ ਨਾ ਉੱਤਰਨ ਦੀ ਸਥਿਤੀ ਵਿੱਚ ਅਰਜ਼ੀ ਰੱਦ ਵੀ ਕੀਤੀ ਜਾ ਸਕਦੀ ਹੈ। ਮੰਤਰੀ ਨੇ ਦੱਸਿਆ ਕਿ ਇਸ ਨਵੀਂ ਵਿਵਸਥਾ ਨੂੰ ਲਾਗੂ ਕਰਨ ਲਈ ਨਿਯਮਾਂ ਦਾ ਖੜੜਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਦਾ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ। ਅਕਸਰ ਜਦੋਂ ਕਿਸੇ ਟੈਕਸਦਾਤੇ ਨੂੰ ਇਹ ਅੰਦਾਜ਼ਾ ਹੁੰਦਾ ਹੈ ਕਿ ਉਸ ਦੀ ਕੁੱਲ ਆਮਦਨ ’ਤੇ ਬਣਦਾ ਅਸਲ ਟੈਕਸ ਉਸ ਕੱਟੀ ਜਾਣ ਵਾਲੀ ਰਕਮ ਨਾਲੋਂ ਘੱਟ ਹੋਵੇਗਾ, ਤਾਂ ਉਹ ਵਾਧੂ ਟੈਕਸ ਕੱਟੇ ਜਾਣ ਤੋਂ ਬਚਣ ਲਈ ਅਜਿਹਾ ਸਰਟੀਫਿਕੇਟ ਲੈਂਦਾ ਹੈ। ਇਸ ਨਾਲ ਉਸ ਨੂੰ ਬਾਅਦ ਵਿੱਚ ਟੈਕਸ ਰਿਫੰਡ ਦਾ ਦਾਅਵਾ ਕਰਨ ਅਤੇ ਲੰਮੀ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ। ਵਿੱਤੀ ਸਾਲ ਦੀ ਬਜਟ ਸੋਧ ਨਾਲ ਇਹ ਪ੍ਰਕਿਰਿਆ ਬਹੁਤ ਹੀ ਸਰਲ ਹੋ ਜਾਵੇਗੀ। ਹੁਣ ਟੈਕਸਦਾਤਾ ਸਿੱਧੇ ਆਮਦਨ ਕਰ ਦਫ਼ਤਰ ਦੇ ਪੋਰਟਲ ’ਤੇ ਆਨਲਾਈਨ ਅਰਜ਼ੀ ਦੇ ਸਕਣਗੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਅਰਜ਼ੀ ਦੀ ਜਾਂਚ ਅਤੇ ਕਾਰਵਾਈ ਲਈ ਉਸੇ ਡੇਟਾ ਦੀ ਵਰਤੋਂ ਕੀਤੀ ਜਾਵੇਗੀ ਜੋ ਪਹਿਲਾਂ ਤੋਂ ਹੀ ਆਮਦਨ ਕਰ ਦੇ ਸਿਸਟਮ ਵਿੱਚ ਮੌਜੂਦ ਹੈ। ਜੇਕਰ ਟੈਕਸਦਾਤਾ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਸ਼ਰਤਾਂ ਅਤੇ ਜਾਣਕਾਰੀਆਂ ਸਹੀ ਪਾਈਆਂ ਜਾਂਦੀਆਂ ਹਨ, ਤਾਂ ਸਰਟੀਫਿਕੇਟ ਇਲੈਕਟ੍ਰਾਨਿਕ ਤਰੀਕੇ ਨਾਲ ਜਾਰੀ ਕਰ ਦਿੱਤਾ ਜਾਵੇਗਾ। ਹਾਲਾਂਕਿ ਜੇਕਰ ਅਰਜ਼ੀ ਵਿੱਚ ਕੋਈ ਗੜਬੜ ਜਾਂ ਤਰੁੱਟੀ ਪਾਈ ਜਾਂਦੀ ਹੈ, ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸ ਨਵੇਂ ਨਿਯਮ ਦੇ ਆਉਣ ਨਾਲ ਕਾਗਜ਼ੀ ਕਾਰਵਾਈ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਅਤੇ ਟੈਕਸਦਾਤਾਵਾਂ ਨੂੰ ਸਰਕਾਰੀ ਦਫ਼ਤਰਾਂ ਦੇ ਬਾਰ-ਬਾਰ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਪੂਰੀ ਪ੍ਰਕਿਰਿਆ ਕਾਗਜ਼ ਰਹਿਤ, ਤੇਜ਼ ਅਤੇ ਵਧੇਰੇ ਪਾਰਦਰਸ਼ੀ ਬਣ ਜਾਵੇਗੀ। ਪੰਕਜ ਚੌਧਰੀ ਨੇ ਆਪਣੇ ਜਵਾਬ ਵਿੱਚ ਆਮਦਨ ਕਰ ਵਿਭਾਗ ਦੇ ਕੰਮਕਾਜ ਨਾਲ ਸਬੰਧਤ ਕੁਝ ਹੋਰ ਮਹੱਤਵਪੂਰਨ ਅੰਕੜੇ ਵੀ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਕੰਮ ਵਿੱਚ ਤੇਜ਼ੀ ਲਿਆਉਂਦੇ ਹੋਏ ਅਪੀਲਾਂ ਦਾ ਰਿਕਾਰਡ ਨਿਪਟਾਰਾ ਕੀਤਾ ਹੈ ਅਤੇ ਬਿਨਾਂ ਆਹਮੋ-ਸਾਹਮਣੇ ਹੋਏ ਜਾਂਚ ਪ੍ਰਕਿਰਿਆ ਨੂੰ ਵੀ ਵਧੇਰੇ ਸੁਚਾਰੂ ਬਣਾਇਆ ਗਿਆ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ‘ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ: ਬੱਬਰ ਖਾਲਸਾ ਦਾ ਅੱਤਵਾਦੀ ਗ੍ਰਿਫ਼ਤਾਰ, ਹੈਂਡ ਗ੍ਰੇਨੇਡ ਬਰਾਮਦ









Users Today : 2
Users Yesterday : 14
Users Last 7 days : 173