ਬਰਨਾਲਾ ਬਿਊਰੋ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸੂਬੇ ਦੇ ਦਫ਼ਤਰੀ ਕਾਮਿਆਂ ਵਿੱਚ ਭਾਰੀ ਰੋਸ ਅਤੇ ਗੁੱਸਾ ਫੈਲ ਗਿਆ ਹੈ। ਵਿੱਤ ਮੰਤਰੀ ਵੱਲੋਂ ਜਥੇਬੰਦੀਆਂ ਨੂੰ ਰਾਜ ਵਿਰੋਧੀ ਕਹਿਣ ਦੇ ਲਾਏ ਦੋਸ਼ਾਂ ਤੋਂ ਭੜਕੇ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਸ਼ਬਦ ਤੁਰੰਤ ਵਾਪਸ ਲਵੇ, ਨਹੀਂ ਤਾਂ ਤਿੱਖੇ ਅੰਦੋਲਨ ਲਈ ਤਿਆਰ ਰਹੇ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਪੱਧਰੀ ਆਨਲਾਈਨ ਬੈਠਕ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਅਗਸਤ ਦੇ ਸ਼ੁਰੂ ਵਿੱਚ ਕੀਤੀ ਗਈ ਕਲਮ ਛੋੜ ਹੜਤਾਲ, ਜ਼ਿਲ੍ਹਾ ਪੱਧਰੀ ਰੈਲੀਆਂ ਅਤੇ ਚੰਡੀਗੜ੍ਹ ਵਿਖੇ ਹੋਈ ਵਿਸ਼ਾਲ ਮਹਾਂ ਰੈਲੀ ਦੀ ਸਮੀਖਿਆ ਕੀਤੀ ਗਈ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਸਮੁੱਚੇ ਦਫ਼ਤਰੀ ਕਾਮੇ ਸਰਕਾਰ ਦੇ ਬਿਆਨ ਦਾ ਵਿਰੋਧ ਕਰਨ ਲਈ ਕਾਲੇ ਬੈਜ ਲਗਾ ਕੇ ਕੰਮ ਕਰਨਗੇ ਅਤੇ ਆਪਣੀਆਂ ਸੀਟਾਂ ’ਤੇ ਵਿਰੋਧ ਪ੍ਰਦਰਸ਼ਨ ਦੇ ਝੰਡੇ ਲਗਾਉਣਗੇ। ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 12 ਅਗਸਤ ਤੱਕ ਵਿੱਤ ਮੰਤਰੀ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਅਤੇ ਬਿਆਨ ਵਾਪਸ ਨਾ ਲਿਆ ਗਿਆ, ਤਾਂ 13 ਅਗਸਤ ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਰੈਲੀਆਂ ਕਰਕੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੂੰ ਨੋਟਿਸ ਦਿੱਤਾ ਜਾਵੇਗਾ ਕਿ ਉਹ 15 ਅਗਸਤ ਤੱਕ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਦਿਆਂ ਮੁਲਾਜ਼ਮਾਂ ਦਾ ਰੁਕਿਆ ਹੋਇਆ ਮਹਿੰਗਾਈ ਭੱਤਾ ਤੁਰੰਤ ਜਾਰੀ ਕਰੇ। ਮੁੱਖ ਮੰਤਰੀ ਵੱਲੋਂ ਸਾਂਝੀ ਤਾਲਮੇਲ ਕਮੇਟੀ, ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੂੰ 27 ਅਗਸਤ ਲਈ ਦਿੱਤੀ ਗਈ ਮੀਟਿੰਗ ਦੇ ਪ੍ਰਸਤਾਵ ਨੂੰ ਯੂਨੀਅਨ ਨੇ ਮੂਲੋਂ ਰੱਦ ਕਰ ਦਿੱਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਇਹ ਮੀਟਿੰਗਾਂ ਮਹਿਜ਼ ਮੰਗਾਂ ਨੂੰ ਲਟਕਾਉਣ ਅਤੇ ਅਦਾਲਤੀ ਫੈਸਲਿਆਂ ਤੋਂ ਭੱਜਣ ਦੀ ਚਾਲ ਹਨ, ਕਿਉਂਕਿ ਪਿਛਲੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਨਾਲ ਹੋਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਜਾਂ ਐਨ ਮੌਕੇ ’ਤੇ ਰੱਦ ਕੀਤੀਆਂ ਜਾਂਦੀਆਂ ਰਹੀਆਂ ਹਨ। ਯੂਨੀਅਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸੰਜੀਦਾ ਹੁੰਦੇ ਤਾਂ ਚੰਡੀਗੜ੍ਹ ਮਹਾਂ ਰੈਲੀ ਦੇ ਵਿਸ਼ਾਲ ਇਕੱਠ ਨੂੰ ਦੇਖਦੇ ਹੋਏ ਤੁਰੰਤ ਮੰਗਾਂ ਮੰਨਣ ਦਾ ਐਲਾਨ ਕਰਦੇ, ਨਾ ਕਿ ਵੀਹ ਦਿਨਾਂ ਦਾ ਸਮਾਂ ਮੰਗਦੇ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਹੁਣ ਉਨ੍ਹਾਂ ਕੋਲ ਹੋਰ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਹੈ, ਇਸ ਲਈ ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ 17 ਅਤੇ 18 ਅਗਸਤ ਨੂੰ ਪੂਰੇ ਪੰਜਾਬ ਵਿੱਚ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਕਰਕੇ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਅਹਿਮ ਬੈਠਕ ਵਿੱਚ ਰਘਬੀਰ ਸਿੰਘ ਬਡਵਾਲ, ਅਨਿਰੁਧ ਮੋਦਗਿਲ, ਪਿੱਪਲ ਸਿੰਘ ਸਿੱਧੂ, ਜਗਦੀਸ਼ ਠਾਕਰ, ਤਜਿੰਦਰ ਸਿੰਘ ਨੰਗਲ, ਗੁਰਪ੍ਰੀਤ ਸਿੰਘ ਖਟੜਾ, ਅਮਿਤ ਅਰੋੜਾ, ਮਨਜਿੰਦਰ ਸਿੰਘ ਸੰਧੂ, ਖ਼ੁਸ਼ਕਰਨਜੀਤ ਸਿੰਘ, ਵਿਨੋਦ ਸਾਗਰ, ਕੀਮਤੀ ਲਾਲ, ਸੰਦੀਪ ਭਾਰਗਵ, ਲਖਵੀਰ ਸਿੰਘ ਗਰੇਵਾਲ, ਨਰਿੰਦਰ ਸਿੰਘ ਚੀਮਾ, ਸੁਨੀਲ ਕੁਮਾਰ, ਜਸਦੀਪ ਸਿੰਘ ਚਾਹਲ, ਪ੍ਰਤਾਪ ਸਿੰਘ, ਜਸਵੰਤ ਸਿੰਘ ਮੌਜੌ, ਜੈਮਲ ਸਿੰਘ, ਮੈਨੁਅਲ ਨਾਹਰ, ਅਜੈ ਸਿੱਧੂ, ਮੁਹੰਮਦ ਸ਼ਰੀਫ਼, ਅਮਰਪ੍ਰੀਤ ਸਿੰਘ, ਸੁਖਦੇਵ ਕੰਬੋਜ, ਹਿਤੇਸ਼ ਸ਼ਰਮਾ, ਸੰਦੀਪ ਭੰਬੁਕ, ਪ੍ਰਦੀਪ ਵਿਨਾਇਕ, ਜਗਸੀਰ ਸਿੰਘ, ਗੁਰਮੇਲ ਸਿੰਘ ਵਿਰਕ, ਨਰਿੰਦਰ ਸਿੰਘ ਗਿੱਲ, ਬਰਜਿੰਦਰ ਸਿੰਘ, ਰਾਜਵੀਰ ਸ਼ਰਮਾ, ਅਮਿਤ ਕਟੋਚ, ਸਤੀਸ਼ ਮੂਨਕ, ਗੁਰਸੇਵਕ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ‘ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ: ਬੱਬਰ ਖਾਲਸਾ ਦਾ ਅੱਤਵਾਦੀ ਗ੍ਰਿਫ਼ਤਾਰ, ਹੈਂਡ ਗ੍ਰੇਨੇਡ ਬਰਾਮਦ









Users Today : 3
Users Yesterday : 14
Users Last 7 days : 148