ਬਰਨਾਲਾ ਬਿਊਰੋ
ਬਰਨਾਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਰੋਸ ਧਰਨੇ ‘ਤੇ ਬੈਠੇ ਸਫ਼ਾਈ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭਰਪੂਰ ਸ਼ਬਦਾਂ ਵਿੱਚ ਤਿੱਖੀ ਨਿੰਦਾ ਕੀਤੀ ਹੈ। ਉਹਨਾਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਸਫ਼ਾਈ ਸੇਵਕਾਂ ਦੀ ਆਵਾਜ਼ ਨੂੰ ਪੁਲਸੀਆ ਡੰਡੇ ਦੇ ਜ਼ੋਰ ‘ਤੇ ਦਬਾਉਣ ਦੀ ਨੀਤੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਡਾਂਗਾਂ ਦੇ ਜ਼ੋਰ ‘ਤੇ ਮਸਲੇ ਹੱਲ ਕਰਨ ਦੀ ਬਜਾਏ ਇਹਨਾਂ ਮਿਹਨਤਕਸ਼ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨਣ ਦਾ ਐਲਾਨ ਕਰੇ, ਨਹੀਂ ਤਾਂ ਇਹ ਮਾਮਲਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਗਰੀਬ ਅਤੇ ਮਜ਼ਦੂਰ ਵਰਗ ‘ਤੇ ਹੁੰਦੇ ਕਿਸੇ ਵੀ ਤਰ੍ਹਾਂ ਦੇ ਤਸ਼ੱਦਦ ਵਿਰੁੱਧ ਡਟ ਕੇ ਖੜ੍ਹੇਗੀ। ਬਰਨਾਲਾ ਵਿਖੇ ਵਾਪਰੀ ਇਸ ਘਟਨਾ ਨੂੰ ਅਤੀ ਸ਼ਰਮਨਾਕ ਅਤੇ ਨਿੰਦਣਯੋਗ ਕਰਾਰ ਦਿੰਦਿਆਂ ਉਹਨਾਂ ਆਖਿਆ ਕਿ ਇਹ ਸੱਤਾਧਾਰੀ ਧਿਰ ਦੀ ਮਜ਼ਦੂਰ ਵਿਰੋਧੀ ਸੋਚ ਅਤੇ ਨੀਤੀਆਂ ਦਾ ਪ੍ਰਤੱਖ ਪ੍ਰਮਾਣ ਹੈ। ਚੋਣਾਂ ਦੇ ਸਮੇਂ ਨੂੰ ਯਾਦ ਕਰਵਾਉਂਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਥਾਨਕ ਰਾਜਨੀਤਿਕ ਆਗੂਆਂ ਨੇ ਇਹਨਾਂ ਸਫ਼ਾਈ ਸੇਵਕਾਂ ਨੂੰ ਝੂਠੇ ਭਰੋਸੇ ਅਤੇ ਲਾਰੇ ਲਗਾ ਕੇ ਵੋਟਾਂ ਬਟੋਰਨ ਦੀ ਖਾਤਰ ਧਰਨੇ ਤੋਂ ਉਠਾਇਆ ਸੀ। ਉਸ ਸਮੇਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰੰਤੂ ਹੁਣ ਸਰਕਾਰ ਵਿੱਚ ਆਉਣ ਤੋਂ ਬਾਅਦ ਵਾਅਦੇ ਪੂਰੇ ਕਰਨ ਦੀ ਬਜਾਏ ਆਪਣੇ ਹੱਕ ਮੰਗ ਰਹੇ ਕਰਮਚਾਰੀਆਂ ਦੇ ਸਿਰ ਪਾੜੇ ਜਾ ਰਹੇ ਹਨ। ਸ਼ਹਿਰ ਦੀ ਹਾਲਤ ‘ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅੱਜ ਬਰਨਾਲਾ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਭਾਰੀ ਗਰਮੀ ਦੇ ਇਸ ਸੀਜ਼ਨ ਦੌਰਾਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ, ਜਿਸ ਕਾਰਨ ਸ਼ਹਿਰ ਵਿੱਚੋਂ ਗੰਦਗੀ ਨੂੰ ਤੁਰੰਤ ਚੁੱਕਿਆ ਜਾਣਾ ਬਹੁਤ ਜ਼ਰੂਰੀ ਹੈ। ਪਰੰਤੂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲਾਠੀਚਾਰਜ ਕਰਨ ਦੀ ਬਜਾਏ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਕੂੜਾ ਚੁੱਕਵਾਉਣ ਦਾ ਮਸਲਾ ਹੱਲ ਕਰੇ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਕੋਈ ਬਹੁਤ ਵੱਡੀਆਂ ਨਹੀਂ ਹਨ, ਜਿਹਨਾਂ ਨੂੰ ਸਰਕਾਰੀ ਖਜ਼ਾਨਾ ਬਰਦਾਸ਼ਤ ਨਾ ਕਰ ਸਕੇ। ਪੰਜਾਬ ਸਰਕਾਰ ਆਪਣੀ ਬੱਲੇ-ਬੱਲੇ ਕਰਵਾਉਣ ਲਈ ਇਸ਼ਤਿਹਾਰਬਾਜ਼ੀ ‘ਤੇ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਰਹੀ ਹੈ, ਪਰ ਦਿਨ-ਰਾਤ ਸ਼ਹਿਰ ਨੂੰ ਸਾਫ਼ ਰੱਖਣ ਵਾਲੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਸਰਕਾਰ ਇਸ਼ਤਿਹਾਰਾਂ ‘ਤੇ ਫਜ਼ੂਲ ਖਰਚਾ ਬੰਦ ਕਰ ਦੇਵੇ, ਤਾਂ ਉਸ ਪੈਸੇ ਨਾਲ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਬਹੁਤ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਇਹਨਾਂ ਵਿੱਚੋਂ ਬਹੁਤੇ ਕਰਮਚਾਰੀ ਮਹਿਜ਼ ਦੱਸ ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਕੰਮ ਕਰਨ ਲਈ ਮਜਬੂਰ ਹਨ, ਜਦਕਿ ਅੱਜ-ਕੱਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਦੱਸ ਹਜ਼ਾਰ ਰੁਪਏ ਨਾਲ ਘਰ ਦਾ ਦਸ ਦਿਨ ਦਾ ਗੁਜ਼ਾਰਾ ਚਲਾਉਣਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ। ਅੰਤ ਵਿੱਚ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਗਰੀਬ ਮਜ਼ਦੂਰਾਂ ‘ਤੇ ਅੱਤਿਆਚਾਰ ਕਰਨ ਦੀ ਨੀਤੀ ਨੂੰ ਤੁਰੰਤ ਬੰਦ ਕੀਤਾ ਜਾਵੇ। ਉਹਨਾਂ ਅਫ਼ਸੋਸ ਜਤਾਇਆ ਕਿ ਸਰਕਾਰ ਦਾ ਕੋਈ ਮੰਤਰੀ ਜਾਂ ਉੱਚ ਅਧਿਕਾਰੀ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇਣ ਤੱਕ ਲਈ ਤਿਆਰ ਨਹੀਂ ਹੈ, ਸਗੋਂ ਇਸ ਦੇ ਉਲਟ ਉਹਨਾਂ ‘ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਤੁਰੰਤ ਗੱਲਬਾਤ ਰਾਹੀਂ ਮਸਲੇ ਦਾ ਨਿਪਟਾਰਾ ਕਰੇ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਪ੍ਰਵਾਨ ਕਰੇ।
ਹੋਰ ਤਾਜ਼ਾ ਖ਼ਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆ ਅੱਖਾਂ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਲਾਪਰਵਾਹੀ ਵਿਰੁੱਧ ਸਖ਼ਤੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲਾਲ ਸਿੰਘ ਮੁਅੱਤਲ









Users Today : 0
Users Yesterday : 14
Users Last 7 days : 171