ਲੁਧਿਆਣਾ ਬਿਊਰੋ:
ਉਦਯੋਗਿਕ ਨਗਰੀ ਲੁਧਿਆਣਾ ਦੇ ਫੁੱਲਾਂਵਾਲ ਚੌਂਕ ਦੇ ਨਜ਼ਦੀਕ ਤੋਂ ਗੁਜ਼ਰਦੀ ਦੋ ਸੌ ਫੁੱਟੀ ਮਿੰਸ਼ਗ ਲਿੰਕ ਸੜਕ ’ਤੇ ਪੈਂਦੇ ਜੈਨ ਮੰਦਰ ਚੌਂਕ ਵਿਖੇ ਅੱਜ ਸਵੇਰੇ ਇੱਕ ਦਿਲ ਕੰਬਾਊ ਅਤੇ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਰੇਟਾ ਕਾਰ ਨੇ ਸਾਈਕਲ ’ਤੇ ਸਵਾਰ ਹੋ ਕੇ ਸਕੂਲ ਜਾ ਰਹੇ ਇੱਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਬੱਚੇ ਦੀ ਉਮਰ ਮਹਿਜ਼ ਦਸ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਹੱਸਦਾ-ਖੇਡਦਾ ਸਕੂਲ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਅਤੇ ਭਿਆਨਕ ਸੀ ਕਿ ਬੱਚੇ ਦਾ ਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਸੜਕ ’ਤੇ ਦੂਰ ਜਾ ਡਿੱਗਿਆ ਜਦਕਿ ਮਾਸੂਮ ਬੱਚਾ ਵੀ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸਰੀਰ ’ਤੇ ਡੂੰਘੀਆਂ ਸੱਟਾਂ ਵੱਜੀਆਂ। ਘਟਨਾ ਸਬੰਧੀ ਸਭ ਤੋਂ ਹੈਰਾਨੀਜਨਕ ਅਤੇ ਚਿੰਤਾਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਜਿਸ ਕਾਰ ਨਾਲ ਇਹ ਹਾਦਸਾ ਵਾਪਰਿਆ, ਉਸ ਨੂੰ ਦੋ ਨਾਬਾਲਗ ਸਕੂਲੀ ਬੱਚੇ ਚਲਾ ਰਹੇ ਸਨ, ਜਿਨ੍ਹਾਂ ਕੋਲ ਸ਼ਾਇਦ ਗੱਡੀ ਚਲਾਉਣ ਦਾ ਕੋਈ ਕਾਨੂੰਨੀ ਅਧਿਕਾਰ ਵੀ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੀ ਪਛਾਣ ਐਮ.ਜੀ.ਐਮ ਸਕੂਲ ਦੇ ਵਿਦਿਆਰਥੀਆਂ ਵਜੋਂ ਦੱਸੀ ਹੈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਅਤੇ ਦੋਵਾਂ ਨਾਬਾਲਗਾਂ ਵਿੱਚੋਂ ਇੱਕ ਚਾਲਕ ਨੇ ਆਪਣੀ ਗਲਤੀ ਛੁਪਾਉਣ ਅਤੇ ਕਾਨੂੰਨ ਦੀ ਗ੍ਰਿਫ਼ਤ ਤੋਂ ਬਚਣ ਲਈ ਕਾਰ ਨੂੰ ਬੇਹੱਦ ਤੇਜ਼ ਰਫ਼ਤਾਰ ਨਾਲ ਘਟਨਾ ਸਥਾਨ ਤੋਂ ਭਜਾ ਲਿਆ ਅਤੇ ਲਿਜਾ ਕੇ ਜੰਤਾ ਇਨਕਲੇਵ ਖੇਤਰ ਵਿਖੇ ਲੁਕਾ ਦਿੱਤਾ। ਦੂਜੇ ਪਾਸੇ ਕਾਰ ਵਿੱਚ ਸਵਾਰ ਦੂਜੇ ਨਾਬਾਲਗ ਲੜਕੇ ਨੂੰ ਮੌਕੇ ’ਤੇ ਮੌਜੂਦ ਲੋਕਾਂ ਦੀ ਮੁਸਤੈਦੀ ਅਤੇ ਪੀ.ਸੀ.ਆਰ ਪੁਲਿਸ ਦੇ ਮੁਲਾਜ਼ਮਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਾਬੂ ਕਰ ਲਿਆ। ਫੜੇ ਗਏ ਨਾਬਾਲਗ ਦੀ ਨਿਸ਼ਾਨਦੇਹੀ ਅਤੇ ਮਦਦ ਸਦਕਾ ਪੀ.ਸੀ.ਆਰ. ਕਰਮਚਾਰੀ ਸਹਾਇਕ ਥਾਣੇਦਾਰ ਜਸਮੇਲ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਤੁਰੰਤ ਕਾਰਵਾਈ ਕਰਦੇ ਹੋਏ ਲੁਕਾਈ ਗਈ ਕਾਰ ਨੂੰ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਕਾਨੂੰਨੀ ਕਾਰਵਾਈ ਅੱਗੇ ਵਧਾਉਂਦਿਆਂ ਇਸ ਨੂੰ ਬਸੰਤ ਐਵਨਿਊ ਚੌਂਕੀ ਦੇ ਡਿਊਟੀ ਅਫ਼ਸਰ ਕਾਂਸਟੇਬਲ ਬਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਸੜਕ ’ਤੇ ਖ਼ੂਨ ਨਾਲ ਲਿਪਟੇ ਜ਼ਖ਼ਮੀ ਬੱਚੇ ਦੀ ਜਾਨ ਬਚਾਉਣ ਲਈ ਪੁਲਿਸ ਮੁਲਾਜ਼ਮਾਂ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਉਸ ਨੂੰ ਇਲਾਜ ਲਈ ਪਹਿਲਾਂ ਨੋਬਲ ਹਸਪਤਾਲ ਲਿਜਾਇਆ ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਬੱਚੇ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉੱਥੋਂ ਦੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਯੂਨੀਅਨ ਹਸਪਤਾਲ ਅਤੇ ਫਿਰ ਹਾਈ ਕੇਅਰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਹਸਪਤਾਲਾਂ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਨੇ ਵੀ ਬੱਚੇ ਦੀ ਅਤਿ ਗੰਭੀਰ ਹਾਲਤ ਅਤੇ ਖ਼ਤਰੇ ਨੂੰ ਦੇਖਦਿਆਂ ਉਸ ਨੂੰ ਉੱਥੇ ਦਾਖਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਸੇ ਵੱਡੇ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ। ਬਿਨਾਂ ਸਮਾਂ ਗਵਾਏ ਅਤੇ ਬੱਚੇ ਦੀ ਨਾਜ਼ੁਕ ਹਾਲਤ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਸ ਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਪ੍ਰਸਿੱਧ ਦਿਆਨੰਦ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਐਮਰਜੈਂਸੀ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬੱਚੇ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ ਜਦਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।
| ਸਪੇਨ ਨੇ ਆਸਟਰੀਆ ਨੂੰ 3-0 ਨਾਲ ਹਰਾ ਕੇ 16 ਸਾਲਾਂ ਬਾਅਦ ਵਿਸ਼ਵ ਕੱਪ ਦੇ ਰਾਊਂਡ ਆਫ 16 ’ਚ ਬਣਾਈ ਜਗ੍ਹਾ |









Users Today : 3
Users Yesterday : 92
Users Last 7 days : 701