ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ: ਆਸਟ੍ਰੇਲੀਆ ਨੇ ਵੀਜ਼ਾ ਫੀਸਾਂ ਵਿੱਚ ਕੀਤਾ ਭਾਰੀ ਵਾਧਾ
ਇੰਟਰਨੈਸ਼ਨਲ ਬਿਊਰੋ
ਆਸਟ੍ਰੇਲੀਆ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉੱਥੋਂ ਦੀ ਸਰਕਾਰ ਨੇ ਇੱਕ ਹੋਰ ਵੱਡਾ ਆਰਥਿਕ ਝਟਕਾ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਵੱਲੋਂ ਵੀਜ਼ਾ ਫੀਸਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਤਹਿਤ ਸਟੂਡੈਂਟ ਵੀਜ਼ਾ ਅਰਜ਼ੀ ਫੀਸ ਵਿੱਚ ਪੱਚੀ ਫੀਸਦੀ ਦਾ ਵਾਧਾ ਕਰਕੇ ਇਸ ਨੂੰ ਪੰਚੀ ਸੌ ਆਸਟ੍ਰੇਲੀਆਈ ਡਾਲਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉੱਥੇ ਰਹਿ ਕੇ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੇ ਟੈਂਪਰਰੀ ਗ੍ਰੈਜੂਏਟ ਵੀਜ਼ਾ ਦੀ ਗੈਰ-ਵਾਪਸੀਯੋਗ ਫੀਸ ਵੀ ਵਧਾ ਕੇ ਸੰਤਵੰਜਾ ਸੌ ਪੰਜਾਹ ਆਸਟ੍ਰੇਲੀਆਈ ਡਾਲਰ ਕਰ ਦਿੱਤੀ ਗਈ ਹੈ। ਇਹ ਫੈਸਲਾ ਇੱਕ ਅਜਿਹੇ ਸਮੇਂ ਆਇਆ ਹੈ ਜਦੋਂ ਪਹਿਲਾਂ ਹੀ ਸਖ਼ਤ ਨਿਯਮਾਂ ਅਤੇ ਵੀਜ਼ਾ ਰੱਦ ਹੋਣ ਦੀ ਉੱਚੀ ਦਰ ਕਾਰਨ ਵਿਦੇਸ਼ੀ ਵਿਦਿਆਰਥੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਜੇਕਰ ਪਿਛਲੇ ਚਾਰ ਸਾਲਾਂ ਦੇ ਅੰਕੜਿਆਂ ਵੱਲ ਝਾਤ ਮਾਰੀਏ ਤਾਂ ਸਾਲ ਦੋ ਹਜ਼ਾਰ ਬਾਈ ਤੋਂ ਦੋ ਹਜ਼ਾਰ ਚੌਵੀ ਤੱਕ ਇਹ ਫੀਸ ਲਗਭਗ ਸੱਤ ਸੌ ਦਸ ਆਸਟ੍ਰੇਲੀਆਈ ਡਾਲਰ ਸੀ ਜਿਸ ਨੂੰ ਪਹਿਲੀ ਜੁਲਾਈ ਦੋ ਹਜ਼ਾਰ ਚੌਵੀ ਨੂੰ ਵਧਾ ਕੇ ਸੋਲਾਂ ਸੌ ਡਾਲਰ ਅਤੇ ਫਿਰ ਪਹਿਲੀ ਜੁਲਾਈ ਦੋ ਹਜ਼ਾਰ ਪੰਚੀ ਨੂੰ ਦੋ ਹਜ਼ਾਰ ਡਾਲਰ ਕੀਤਾ ਗਿਆ ਸੀ ਅਤੇ ਹੁਣ ਪਹਿਲੀ ਜੁਲਾਈ ਦੋ ਹਜ਼ਾਰ ਛੱਬੀ ਤੋਂ ਇਹ ਪੰਚੀ ਸੌ ਡਾਲਰ ਹੋ ਗਈ ਹੈ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਵਧ ਰਹੀਆਂ ਫੀਸਾਂ ਕਾਰਨ ਹੁਣ ਵਿਦਿਆਰਥੀ ਕੈਨੇਡਾ ਅਤੇ ਬ੍ਰਿਟੇਨ ਵਰਗੇ ਹੋਰ ਦੇਸ਼ਾਂ ਦਾ ਰੁਖ ਕਰ ਸਕਦੇ ਹਨ। ਯੂਨੀਵਰਸਿਟੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਿਊਕ ਸ਼ੀਹੀ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦਾ ਲਗਭਗ ਪੰਜਾਹ ਅਰਬ ਡਾਲਰ ਦਾ ਅੰਤਰਰਾਸ਼ਟਰੀ ਸਿੱਖਿਆ ਉਦਯੋਗ ਅਤੇ ਇਸ ਨਾਲ ਜੁੜੀਆਂ ਢਾਈ ਲੱਖ ਦੇ ਕਰੀਬ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਫੀਸਾਂ ਵਧਾਉਣ ਦੀ ਬਜਾਏ ਇੱਕ ਸਥਿਰ ਨੀਤੀ ਦੀ ਲੋੜ ਹੈ ਕਿਉਂਕਿ ਇਹ ਵਿਦਿਆਰਥੀ ਦੇਸ਼ ਦੀ ਆਰਥਿਕਤਾ ਅਤੇ ਖੋਜ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।









Users Today : 4
Users Yesterday : 17
Users Last 7 days : 524