ਕੇਂਦਰੀ ਬਿਊਰੋਂ:
ਖੇਡ ਜਗਤ ਅਤੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਤੋਂ ਇੱਕ ਬੇੱਹਦ ਦੁਖਦਾਈ ਅਤੇ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਕਰੌਂਥਾ ਦੀ ਬੇਟੀ ਅਤੇ ਨੌਕਾਇਨ ਦੀ ਰਾਸ਼ਟਰੀ ਪੱਧਰ ਦੀ ਉਭਰਦੀ ਖਿਡਾਰਨ ਮਾਇਆ ਧਨਖੜ ਦੀ ਅਭਿਆਸ ਦੌਰਾਨ ਤਾਲਾਬ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦੇਸ਼ ਲਈ ਮੈਡਲ ਜਿੱਤਣ ਦਾ ਸੁਪਨਾ ਦੇਖਣ ਵਾਲੀ ਇਸ 19 ਸਾਲਾ ਹੋਣਹਾਰ ਖਿਡਾਰਨ ਦੀ ਅਚਾਨਕ ਹੋਈ ਮੌਤ ਨਾਲ ਖੇਡ ਪ੍ਰੇਮੀਆਂ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਇਆ ਧਨਖੜ ਹਾਲ ਹੀ ਵਿੱਚ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਰਾਸ਼ਟਰੀ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਪਰਤੀ ਸੀ ਅਤੇ ਉਹ ਆਉਣ ਵਾਲੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਸੀ। ਮਾਇਆ ਆਪਣੇ ਪਿੰਡ ਦੇ ਹੀ ਤਾਲਾਬ ਵਿੱਚ ਰੋਜ਼ਾਨਾ ਨੌਕਾਇਨ ਦਾ ਅਭਿਆਸ ਕਰਦੀ ਸੀ ਅਤੇ ਸੋਮਵਾਰ ਨੂੰ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਤਾਲਾਬ ਵਿੱਚ ਉਤਰੀ ਸੀ। ਚਸ਼ਮਦੀਦਾਂ ਮੁਤਾਬਕ ਜਦੋਂ ਮਾਇਆ ਤਾਲਾਬ ਵਿੱਚ ਤੈਰਾਕੀ ਕਰ ਰਹੀ ਸੀ, ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਡੂੰਘੇ ਪਾਣੀ ਵਿੱਚ ਚਲੀ ਗਈ। ਮਾਇਆ ਨੂੰ ਡੁੱਬਦਾ ਦੇਖ ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਤਾਲਾਬ ਵਿੱਚ ਛਾਲ ਮਾਰ ਦਿੱਤੀ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਸਥਾਨਕ ਲੋਕਾਂ ਨੇ ਉਸ ਦੀ ਜਾਨ ਬਚਾਉਣ ਲਈ ਮੁਢਲੀ ਡਾਕਟਰੀ ਸਹਾਇਤਾ ਵਜੋਂ ਨਕਲੀ ਸਾਹ ਦੇਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਖਿਡਾਰਨ ਨੇ ਦਮ ਤੋੜ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਇੱਕ ਹੋਣਹਾਰ ਅਤੇ ਉਭਰਦੇ ਸਿਤਾਰੇ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ ।









Users Today : 58
Users Yesterday : 77
Users Last 7 days : 391