ਬਠਿੰਡਾ ਬਿਊਰੋ
ਜ਼ਿਲ੍ਹਾ ਬਠਿੰਡਾ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਦੀ ਰਾਸ਼ੀ ਕਢਵਾਉਣ ਵਿੱਚ ਹੋ ਰਹੀ ਦੇਰੀ ਦੇ ਮਾਮਲੇ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਬਠਿੰਡਾ ਇਕਾਈ ਦੇ ਯਤਨਾਂ ਸਦਕਾ ਵੱਡੀ ਸਫ਼ਲਤਾ ਮਿਲੀ ਹੈ। ਜਥੇਬੰਦੀ ਦੀ ਇਸ ਹੱਕੀ ਮੰਗ ‘ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਮਮਤਾ ਸੇਠੀ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਅਤੇ ਡਰਾਇੰਗ ਤੇ ਡਿਸਬਰਸਿੰਗ ਅਫ਼ਸਰਾਂ ਤੋਂ ਬਕਾਇਆ ਪਏ ਮਾਮਲਿਆਂ ਦੀ ਮੁਕੰਮਲ ਰਿਪੋਰਟ ਮੰਗ ਲਈ ਗਈ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਨਖ਼ਾਹ ਕਮਿਸ਼ਨ ਦੇ ਬਕਾਏ ਲੰਬੇ ਸਮੇਂ ਤੋਂ ਲਟਕਣ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ, ਜਿਸ ਦੇ ਹੱਲ ਲਈ ਉਨ੍ਹਾਂ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ ਕਰਕੇ ਬਕਾਏ ਜਲਦੀ ਜਾਰੀ ਕਰਨ ਦੀ ਮੰਗ ਰੱਖੀ ਸੀ। ਇਸ ਮੰਗ ‘ਤੇ ਹਾਂਦਰੂ ਹੁੰਗਾਰਾ ਭਰਦਿਆਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇੱਕ ਅਧਿਕਾਰਤ ਪੱਤਰ ਜਾਰੀ ਕਰਕੇ ਸਮੂਹ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਰਿਪੋਰਟ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਸ ਪੱਤਰ ਅਨੁਸਾਰ ਸਕੂਲਾਂ ਨੂੰ ਆਪਣੇ ਅਧਿਆਪਕਾਂ ਦੇ ਨਾਂ, ਬਕਾਏ ਦੀ ਕੁੱਲ ਰਕਮ, ਹੁਣ ਤੱਕ ਮਿਲੀ ਰਾਸ਼ੀ ਅਤੇ ਬਾਕੀ ਰਹਿੰਦੇ ਬਕਾਏ ਦੀ ਪੂਰੀ ਜਾਣਕਾਰੀ ਦੇਣੀ ਲਾਜ਼ਮੀ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਵਿਭਾਗ ਦੇ ਅਧਿਆਪਕਾਂ ਲਈ ਵੀ ਅਜਿਹੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ ਸੀ ਅਤੇ ਹੁਣ ਸੈਕੰਡਰੀ ਵਿਭਾਗ ਵਿੱਚ ਰਿਪੋਰਟ ਮੰਗੇ ਜਾਣ ਨਾਲ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੇ ਬਕਾਏ ਜਲਦੀ ਮਿਲਣ ਦਾ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ। ਜਥੇਬੰਦੀ ਨੇ ਉਮੀਦ ਜਤਾਈ ਹੈ ਕਿ ਸਕੂਲਾਂ ਵੱਲੋਂ ਰਿਪੋਰਟ ਭੇਜੇ ਜਾਣ ਤੋਂ ਬਾਅਦ ਅਧਿਆਪਕਾਂ ਦੇ ਖਾਤਿਆਂ ਵਿੱਚ ਬਕਾਏ ਦੀ ਰਕਮ ਜਲਦੀ ਹੀ ਤਬਦੀਲ ਕਰ ਦਿੱਤੀ ਜਾਵੇਗੀ।
=ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਪੰਜਾਬ ਕਾਂਗਰਸ ‘ਚ ਜਲਦ ਹੋ ਸਕਦਾ ਹੈ ਵੱਡਾ ਧਮਾਕਾ: ਹਾਈਕਮਾਨ ਦੇ ਫ਼ੈਸਲੇ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਰਾਜਾ ਵੜਿੰਗ ਬੋਲੇ- ਜੋ ਵੀ ਫ਼ੈਸਲਾ ਹੋਵੇਗਾ ਮਨਜ਼ੂਰ |









Users Today : 73
Users Yesterday : 44
Users Last 7 days : 372