ਬਰਨਾਲਾ ਬਿਊਰੋ ।
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਕ ਦੇ ਪੱਤਰ ਅਨੁਸਾਰ ਜੂਨ ਮਹੀਨੇ ਨੂੰ ਮਲੇਰੀਆ ਵਿਰੋਧੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ

ਜਿਸ ਤਹਿਤ ਸਿਵਲ ਸਰਜਨ ਬਰਨਾਲਾ ਡਾਕਟਰ ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡਾਂ, ਸ਼ਹਿਰਾਂ ਅਤੇ ਪੱਛੜੀਆਂ ਬਸਤੀਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਮਲੇਰੀਆ ਦੇ ਖ਼ਤਰਨਾਕ ਪ੍ਰਭਾਵਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਪ੍ਰਤੀ ਜਾਗਰੂਕ ਕਰ ਰਹੀਆਂ ਹਨ।

ਜ਼ਿਲ੍ਹਾ ਮਹਾਮਾਰੀ ਮਾਹਿਰ ਡਾਕਟਰ ਮੁਨੀਸ਼ ਕੁਮਾਰ, ਗੁਰਮੇਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸ਼ਹਿਣਾ ਅਤੇ ਸਿਹਤ ਨਿਗਰਾਨ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਮਾਦਾ ਐਨਾਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਿਰਦਰਦ, ਉਲਟੀ, ਜੀ ਕੱਚਾ ਹੋਣਾ, ਕੰਬਣੀ ਨਾਲ ਬੁਖ਼ਾਰ ਚੜ੍ਹਨਾ, ਸਰੀਰ ਵਿੱਚ ਦਰਦ ਅਤੇ ਪਸੀਨਾ ਆਉਣ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਖ਼ੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਮਲੇਰੀਆ ਦਾ ਸਹੀ ਸਮੇਂ ‘ਤੇ ਪੂਰਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਮੱਛਰ ਖੜ੍ਹੇ ਹੋਏ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਜ਼ਿਆਦਾਤਰ ਰਾਤ ਤੇ ਸਵੇਰ ਦੇ ਸਮੇਂ ਕੱਟਦੇ ਹਨ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਬਲਰਾਜ ਸਿੰਘ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕਤਾ ਸਮੱਗਰੀ ਅਤੇ ਇਸ਼ਤਿਹਾਰ ਵੰਡੇ ਜਾ ਰਹੇ ਹਨ, ਪਿੰਡਾਂ ਦੀਆਂ ਸੱਥਾਂ ਵਿੱਚ ਇਕੱਠ ਕਰਕੇ ਸਭਾਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਸਕੂਲਾਂ ਵਿੱਚ ਵੀ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਛੋਟੇ ਟੋਇਆਂ, ਟਾਇਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ, ਫਰਿੱਜ ਦੀ ਪਿਛਲੀ ਟਰੇਅ ਅਤੇ ਪੰਛੀਆਂ ਦੇ ਪਾਣੀ ਵਾਲੇ ਬਰਤਨਾਂ ਆਦਿ ਨੂੰ ਹਫ਼ਤੇ ਵਿੱਚ ਇੱਕ ਵਾਰ ਖ਼ਾਲੀ ਕਰਕੇ ਧੁੱਪ ਵਿੱਚ ਸੁਕਾਉਣਾ ਚਾਹੀਦਾ ਹੈ ਅਤੇ ਸ਼ੁੱਕਰਵਾਰ ਦਾ ਦਿਨ ਖ਼ੁਸ਼ਕ ਦਿਨ ਵਜੋਂ ਮਨਾਉਣਾ ਚਾਹੀਦਾ ਹੈ। ਵਿਭਾਗ ਨੇ ਸਪਸ਼ਟ ਕੀਤਾ ਕਿ ਬੁਖ਼ਾਰ ਹੋਣ ‘ਤੇ ਖ਼ੂਨ ਦੀ ਜਾਂਚ ਜ਼ਰੂਰ ਕਰਵਾਓ ਕਿਉਂਕਿ ਸਿਹਤ ਵਿਭਾਗ ਵੱਲੋਂ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਬੀਵੀਐਮ ਇੰਟਰਨੈਸ਼ਨਲ ਸਕੂਲ ਵਿਖੇ ‘ਬਾਲ ਡੈਸ਼ ਫਨ’: ਖੇਡ ਦੇ ਮੈਦਾਨ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਨੇ ਬਿਖੇਰੇ ਖੁਸ਼ੀ ਅਤੇ ਉਤਸ਼ਾਹ ਦੇ ਰੰਗ |








Users Today : 33
Users Yesterday : 10
Users Last 7 days : 337