ਬਰਨਾਲਾ ਬਿਊਰੋ
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਮੂੰਮ ਸਥਿਤ ਗੁਰਦੁਆਰਾ ਆਕੀਗੜ੍ਹ ਸਾਹਿਬ ਦੇ ਸੱਚਖੰਡ ਵਿੱਚ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਪੱਖੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਵਨ ਸਰੂਪ ਨੂੰ ਅਗਨ ਭੇਟ ਹੋਣ ਕਾਰਨ ਨੁਕਸਾਨ ਪਹੁੰਚਿਆ ਹੈ। ਸੱਚਖੰਡ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਕੰਧ ‘ਤੇ ਲੱਗਿਆ ਪੱਖਾ, ਘੜੀ ਅਤੇ ਹੋਰ ਪਲਾਸਟਿਕ ਦਾ ਸਾਮਾਨ ਪੂਰੀ ਤਰ੍ਹਾਂ ਪਿਘਲ ਗਿਆ ਪਰ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੀ ਸੂਝਬੂਝ ਸਦਕਾ ਸੱਚਖੰਡ ਵਿੱਚ ਸੁਸ਼ੋਭਿਤ ਹੋਰ ਗਿਆਰਾਂ ਪਾਵਨ ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਬਚਾ ਲਏ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾਇਆ ਅਤੇ ਮਰਿਆਦਾ ਅਨੁਸਾਰ ਪਾਵਨ ਸਰੂਪਾਂ ਨੂੰ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਦੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਿੰਘ ਸਾਹਿਬਾਨ, ਸੰਤ ਬਾਬਾ ਟੇਕ ਸਿੰਘ ਧਨੌਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ, ਜਥੇਦਾਰ ਬਲਦੇਵ ਸਿੰਘ ਚੁੰਘਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨੱਥ ਸਿੰਘ ਹਮੀਦੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਿੱਖ ਕੌਮ ਲਈ ਮੰਦਭਾਗਾ ਦੱਸਿਆ ਅਤੇ ਪ੍ਰਬੰਧਕ ਕਮੇਟੀ ਤੇ ਪੰਚਾਇਤ ਨੂੰ ਸੋਲਾਂ ਜੂਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੇਸ਼ ਹੋਣ ਦਾ ਆਦੇਸ਼ ਸੁਣਾਇਆ। ਹੈੱਡ ਗ੍ਰੰਥੀ ਭਾਈ ਸਰਜੀਤ ਸਿੰਘ ਅਤੇ ਖ਼ਜ਼ਾਨਚੀ ਗੁਰਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਦੀ ਮਰਿਆਦਾ ਤੋਂ ਬਾਅਦ ਜਦੋਂ ਇੱਕ ਬੱਚੀ ਮੱਥਾ ਟੇਕਣ ਅੰਦਰ ਗਈ ਤਾਂ ਉਸ ਨੇ ਧੂੰਆਂ ਨਿਕਲਦਾ ਦੇਖਿਆ ਜਿਸ ਤੋਂ ਬਾਅਦ ਸਭ ਨੇ ਮਿਲ ਕੇ ਬਾਕੀ ਸਰੂਪਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਪੁਲਿਸ ਉਪ ਕਪਤਾਨ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਘਟਨਾ ਬਿਜਲੀ ਦੇ ਤੇਜ਼ ਵੋਲਟੇਜ ਕਾਰਨ ਵਾਪਰੀ ਹੈ। ਅੰਤ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੁਕਮਾਂ ਅਨੁਸਾਰ ਅਰਦਾਸ ਕਰਨ ਉਪਰੰਤ ਪ੍ਰਭਾਵਿਤ ਪਾਵਨ ਸਰੂਪ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਰਪੰਚ ਲਖਬੀਰ ਸਿੰਘ, ਸੁਖਪਾਲ ਸਿੰਘ ਸੇਖੋਂ, ਕੁਲਵੰਤ ਸਿੰਘ ਜਗਦੇ ਅਤੇ ਹਰਜਿੰਦਰ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਰੀਟਾ ਗੋਇਲ ਦੀ ਇਤਿਹਾਸਕ ਜਿੱਤ ਨੂੰ ਲੋਕਾਂ ਨੇ ਦੱਸਿਆ ਆਸ਼ੀਰਵਾਦ, ਬਰਨਾਲਾ ਕਲੱਬ ਵਿਖੇ ਪਹੁੰਚਣ ‘ਤੇ ਸਮਾਜ ਸੇਵੀ ਚਮਨ ਲਾਲ ਚਤਰੀ ਦਾ ਹੋਇਆ ਨਿੱਘਾ ਸਵਾਗਤ









Users Today : 2
Users Yesterday : 10
Users Last 7 days : 365