ਰਾਜਿੰਦਰ ਸ਼ਰਮਾ
ਪੰਜਾਬ ਅੰਦਰ ਰੁੱਖਾਂ ਦੀ ਲਗਾਤਾਰ ਹੋ ਰਹੀ ਘਾਟ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਅਤੇ ਵਣ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਵੱਖ-ਵੱਖ ਸਕੀਮਾਂ ਅਧੀਨ ਲਿੰਕ ਸੜਕਾਂ ਅਤੇ ਖਾਲੀ ਥਾਵਾਂ ਉੱਤੇ ਬੂਟੇ ਲਗਾ ਕੇ ਹਰਿਆਵਲ ਵਧਾਉਣ ਦੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਅਜਿਹੇ ਹੀ ਇੱਕ ਉਪਰਾਲੇ ਤਹਿਤ ਬੀਤੇ ਵੀਹ ਸਾਲ ਪਹਿਲਾਂ ਖਿਆਲੀ ਤੋਂ ਕੁਰੜ ਨੂੰ ਜਾਣ ਵਾਲੀ ਲਿੰਕ ਸੜਕ ਉੱਤੇ ਵਣ ਵਿਭਾਗ ਵੱਲੋਂ ਪੰਚਾਇਤਾਂ ਅਤੇ ਆਮ ਲੋਕਾਂ ਦੀ ਸਹਿਮਤੀ ਨਾਲ ਬਹੁਤ ਹੀ ਸ਼ਾਨਦਾਰ ਪਲਾਂਟੇਸ਼ਨ ਕੀਤੀ ਗਈ ਸੀ,

ਜੋ ਹੁਣ ਵੱਡੇ ਅਤੇ ਹਰੇ-ਭਰੇ ਰੁੱਖਾਂ ਦਾ ਰੂਪ ਧਾਰਨ ਕਰ ਚੁੱਕੀ ਸੀ। ਪਰ ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਠੁੱਲੀਵਾਲ ਦੇ ਕਰਮਚਾਰੀਆਂ ਵੱਲੋਂ ਵਾਤਾਵਰਨ ਦੇ ਨਿਯਮਾਂ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਸੜਕ ਤੋਂ ਲਗਭਗ ਪੰਦਰਾਂ ਰੁੱਖਾਂ ਨੂੰ ਬੇਰਹਿਮੀ ਨਾਲ ਅੱਧ-ਵਿਚਕਾਰ ਤੋਂ ਕੱਟ ਦਿੱਤਾ ਗਿਆ ਹੈ। ਵਣ ਵਿਭਾਗ ਤੋਂ ਕਿਸੇ ਵੀ ਤਰ੍ਹਾਂ ਦੀ ਪੂਰਵ ਮਨਜ਼ੂਰੀ ਲਏ ਬਿਨਾਂ ਕੀਤੀ ਗਈ ਇਸ ਕਟਾਈ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਹਰੇ ਰੁੱਖਾਂ ਦੀ ਕਟਾਈ ਉੱਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਵਣ ਐਕਟ ਇੱਕ ਹਜ਼ਾਰ ਨੌਂ ਸੌ ਸਤਾਈ, ਇੱਕ ਹਜ਼ਾਰ ਨੌਂ ਸੌ ਅੱਸੀ ਅਤੇ ਇੱਕ ਹਜ਼ਾਰ ਨੌਂ ਸੌ ਪਚਾਨਵੇਂ ਦੇ ਨਿਯਮਾਂ ਅਨੁਸਾਰ ਸਰਕਾਰੀ ਜ਼ਮੀਨਾਂ ਵਿੱਚੋਂ ਬਿਨਾਂ ਵਜ੍ਹਾ ਹਰੇ ਰੁੱਖ ਨਹੀਂ ਕੱਟੇ ਜਾ ਸਕਦੇ। ਪਿੰਡ ਖਿਆਲੀ ਦੇ ਮੋਹਤਬਰਾਂ ਲਛਮਣ ਸਿੰਘ, ਹਮੀਰ ਸਿੰਘ, ਸੁਰਿੰਦਰ ਪਾਲ ਸਿੰਘ ਅਤੇ ਤੇਜ ਰਾਮ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਇਹ ਬਿਜਲੀ ਦੀਆਂ ਲਾਈਨਾਂ ਵਣ ਵਿਭਾਗ ਵੱਲੋਂ ਰੁੱਖ ਲਗਾਏ ਜਾਣ ਤੋਂ ਬਾਅਦ ਵਿੱਚ ਲੰਘਾਈਆਂ ਗਈਆਂ ਸਨ ਅਤੇ ਹੁਣ ਬਿਜਲੀ ਦੀਆਂ ਤਾਰਾਂ ਨਾਲ ਛੂਹਣ ਦਾ ਬਹਾਨਾ ਬਣਾ ਕੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਰੁੱਖਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਉਪ ਮੰਡਲ ਇੰਜੀਨੀਅਰ ਰਵੀ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਕਰਮਚਾਰੀਆਂ ਦਾ ਪੱਖ ਪੂਰਦਿਆਂ ਰੁੱਖ ਕੱਟਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਦਕਿ ਮੌਕੇ ਦੇ ਚਸ਼ਮਦੀਦ ਗਵਾਹਾਂ ਨੇ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਹੀ ਰੁੱਖ ਕੱਟੇ ਜਾਣ ਦੀ ਪੁਸ਼ਟੀ ਕੀਤੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਠਿੰਡਾ ਵਿੱਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਟਕਸਾਲੀ ਆਗੂਆਂ ਨੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਦਾ ਫੜਿਆ ਪੱਲਾ









Users Today : 22
Users Yesterday : 37
Users Last 7 days : 296