ਬਰਨਾਲਾ ਬਿਊਰੋ
ਅੱਜ ਬੁੱਧਵਾਰ, 12 ਅਗਸਤ 2026 ਦਾ ਦਿਨ ਦੁਨੀਆ ਭਰ ਦੇ ਖਗੋਲ ਪ੍ਰੇਮੀਆਂ ਅਤੇ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਬੇਹੱਦ ਖਾਸ ਅਤੇ ਇਤਿਹਾਸਕ ਹੋਣ ਜਾ ਰਿਹਾ ਹੈ। ਇਸ ਦਿਨ ਅਸਮਾਨ ਵਿੱਚ ਇੱਕੋ ਸਮੇਂ ਕਈ ਅਜਿਹੀਆਂ ਦੁਰਲੱਭ ਖਗੋਲੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ, ਜੋ ਦਹਾਕਿਆਂ ਵਿੱਚ ਕਦੇ-ਕਦਾਈਂ ਹੀ ਵਾਪਰਦੀਆਂ ਹਨ। ਤੜਕੇ ਸਵੇਰੇ-ਸਵੇਰੇ ਜਿੱਥੇ ਛੇ ਵੱਡੇ ਗ੍ਰਹਿ ਬੁੱਧ, ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨਸ ਅਤੇ ਨੇਪਚਿਊਨ ਅਸਮਾਨ ਵਿੱਚ ਇੱਕੋ ਕਤਾਰ ਵਿੱਚ ਨਜ਼ਰ ਆਉਣਗੇ, ਉੱਥੇ ਹੀ ਦਿਨ ਦੇ ਸਮੇਂ ਸਾਲ ਦਾ ਸਭ ਤੋਂ ਵੱਡਾ ਪੂਰਨ ਸੂਰਜ ਗ੍ਰਹਿਣ ਦਾ ਅਦਭੁਤ ਨਜ਼ਾਰਾ ਦਿਖਾਈ ਦੇਵੇਗਾ। ਇੰਨਾ ਹੀ ਨਹੀਂ, ਰਾਤ ਦੇ ਗੂੜ੍ਹੇ ਹਨ੍ਹੇਰੇ ਵਿੱਚ ਉਲਕਾ ਵਰਖਾ ਆਪਣੇ ਸਿਖਰ ‘ਤੇ ਹੋਵੇਗੀ। ਅੱਜ ਮੱਸਿਆ ਯਾਨੀ ਨਵੇਂ ਚੰਦਰਮਾ ਦੇ ਹਨ੍ਹੇਰੇ ਕਾਰਨ ਇਸ ਉਲਕਾ ਵਰਖਾ ਯਾਨੀ ਟੁੱਟਦੇ ਤਾਰਿਆਂ ਦੇ ਸ਼ਾਨਦਾਰ ਦ੍ਰਿਸ਼ ਨੂੰ ਦੇਖਣਾ ਹੋਰ ਵੀ ਆਸਾਨ ਅਤੇ ਸਪੱਸ਼ਟ ਹੋ ਜਾਵੇਗਾ। ਖਗੋਲ ਵਿਗਿਆਨ ਦੇ ਮੁਤਾਬਕ ਅੱਜ 12 ਅਗਸਤ ਨੂੰ ਸੂਰਜ ਚੜ੍ਹਨ ਤੋਂ ਲਗਭਗ 45 ਤੋਂ 75 ਮਿੰਟ ਪਹਿਲਾਂ ਅਸਮਾਨ ਵਿੱਚ ਛੇ ਗ੍ਰਹਿ ਇੱਕ ਲਾਈਨ ਵਿੱਚ ਇਕਸਾਰ ਦਿਖਾਈ ਦੇਣਗੇ, ਜਿਨ੍ਹਾਂ ਵਿੱਚੋਂ ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿ ਨੂੰ ਬਿਨ੍ਹਾਂ ਕਿਸੇ ਦੂਰਬੀਨ ਜਾਂ ਖਾਸ ਯੰਤਰ ਦੀ ਸਹਾਇਤਾ ਤੋਂ ਨੰਗੀ ਅੱਖ ਨਾਲ ਆਸਾਨੀ ਨਾਲ ਦੇਖਿਆ ਅਤੇ ਪਛਾਣਿਆ ਜਾ ਸਕੇਗਾ। ਇਹ ਸੂਰਜ ਗ੍ਰਹਿਣ ਸਾਲ ਦਾ ਸਭ ਤੋਂ ਵੱਡਾ ਪੂਰਨ ਸੂਰਜ ਗ੍ਰਹਿਣ ਹੋਵੇਗਾ ਜੋ ਮੁੱਖ ਤੌਰ ‘ਤੇ ਉੱਤਰੀ ਰੂਸ, ਗ੍ਰੀਨਲੈਂਡ, ਆਈਸਲੈਂਡ, ਸਪੇਨ ਅਤੇ ਪੁਰਤਗਾਲ ਦੇ ਕੁਝ ਹਿੱਸਿਆਂ ਵਿੱਚ ਪੂਰਨ ਸੂਰਜ ਗ੍ਰਹਿਣ ਦੇ ਰੂਪ ਵਿੱਚ ਦੇਖਿਆ ਜਾਵੇਗਾ, ਜਿਸ ਦੌਰਾਨ ਸਪੇਨ ਦੇ ਉੱਤਰੀ ਹਿੱਸੇ ਵਿੱਚ ਗ੍ਰਹਿਣ ਦੇ ਸਮੇਂ ਦਿਨ ਵੇਲੇ ਹੀ ਪੂਰੀ ਤਰ੍ਹਾਂ ਹਨ੍ਹੇਰਾ ਛਾ ਜਾਣ ਵਰਗਾ ਹੈਰਾਨੀਜਨਕ ਦ੍ਰਿਸ਼ ਬਣ ਜਾਵੇਗਾ। ਪੂਰਨ ਗ੍ਰਹਿਣ ਤੋਂ ਇਲਾਵਾ ਅਮਰੀਕਾ ਦੇ ਉੱਤਰੀ ਭਾਗਾਂ, ਕੈਨੇਡਾ, ਉੱਤਰ-ਪੱਛਮੀ ਅਫਰੀਕਾ ਅਤੇ ਯੂਰਪ ਦੇ ਕਈ ਖੇਤਰਾਂ ਵਿੱਚ ਅੰਸ਼ਕ ਸੂਰਜ ਗ੍ਰਹਿਣ ਦਿਖਾਈ ਦੇਵੇਗਾ, ਜਿੱਥੇ ਚੰਦਰਮਾ ਸੂਰਜ ਦੇ 90 ਪ੍ਰਤੀਸ਼ਤ ਜਾਂ ਇਸ ਤੋਂ ਵੀ ਵੱਧ ਹਿੱਸੇ ਨੂੰ ਢੱਕ ਲਵੇਗਾ। ਅਫਰੀਕਾ ਅਤੇ ਮੁੱਖ ਭੂਮੀ ਯੂਰਪ ਦੇ ਕੁਝ ਹਿੱਸਿਆਂ ਵਿੱਚ ਇਹ ਨਜ਼ਾਰਾ ਹੋਰ ਵੀ ਮਨਮੋਹਕ ਹੋਵੇਗਾ, ਕਿਉਂਕਿ ਉੱਥੇ ਸੂਰਜ ਡੁੱਬਣ ਸਮੇਂ ਗ੍ਰਹਿਣ ਲੱਗੇਗਾ। ਭਾਰਤੀ ਸਮੇਂ ਅਨੁਸਾਰ ਇਹ ਸੂਰਜ ਗ੍ਰਹਿਣ ਅੱਜ 12 ਅਗਸਤ ਦੀ ਰਾਤ ਕਰੀਬ 9:05 ਵਜੇ ਸ਼ੁਰੂ ਹੋਵੇਗਾ। ਪੂਰਨ ਗ੍ਰਹਿਣ ਦੀ ਅਵਸਥਾ ਰਾਤ 10:29 ਵਜੇ ਸ਼ੁਰੂ ਹੋ ਕੇ 11:17 ਵਜੇ ਆਪਣੇ ਮੱਧ ਸਿਖਰ ‘ਤੇ ਪਹੁੰਚੇਗੀ ਅਤੇ ਰਾਤ 12:05 ਵਜੇ ਪੂਰਨ ਗ੍ਰਹਿਣ ਸਮਾਪਤ ਹੋ ਜਾਵੇਗਾ। ਇਸ ਤੋਂ ਬਾਅਦ ਗ੍ਰਹਿਣ ਦੀ ਅੰਤਿਮ ਅਵਸਥਾ 13 ਅਗਸਤ ਦੀ ਰਾਤ 1:29 ਵਜੇ ਪੂਰੀ ਤਰ੍ਹਾਂ ਖਤਮ ਹੋਵੇਗੀ। ਕਿਉਂਕਿ ਇਹ ਸਮਾਂ ਭਾਰਤ ਵਿੱਚ ਰਾਤ ਦਾ ਹੋਵੇਗਾ, ਇਸ ਲਈ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਦੋਂ ਚੰਦਰਮਾ ਘੁੰਮਦੇ ਹੋਏ ਧਰਤੀ ਅਤੇ ਸੂਰਜ ਦੇ ਬਿਲਕੁਲ ਵਿਚਕਾਰ ਆ ਜਾਂਦਾ ਹੈ, ਤਾਂ ਉਹ ਸੂਰਜ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਕੁਝ ਸਮੇਂ ਲਈ ਧਰਤੀ ਤੱਕ ਪਹੁੰਚਣ ਤੋਂ ਰੋਕ ਦਿੰਦਾ ਹੈ। ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਤਾਂ ਉਸ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। 12 ਅਗਸਤ 2026 ਦਾ ਦਿਨ ਇਨ੍ਹਾਂ ਸਾਰੀਆਂ ਅਦਭੁਤ ਘਟਨਾਵਾਂ ਦੇ ਇੱਕੋ ਦਿਨ ਮੇਲ ਖਾਣ ਕਾਰਨ ਖਗੋਲ ਵਿਗਿਆਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗਾ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਕੁਰੜ ਵਿਖੇ ਦੂਸਰਾ ਕਬੱਡੀ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ, 55 ਕਿਲੋ ਵਰਗ ‘ਚ ਹਰਿਆਣਾ ਅਤੇ 35 ਕਿਲੋ ਵਰਗ ‘ਚ ਗਿਰਜੇਵਾਲ ਦੀ ਟੀਮ ਨੇ ਮਾਰੀ ਬਾਜ਼ੀ









Users Today : 34
Users Yesterday : 51
Users Last 7 days : 371