Home » ਰਾਜਨੀਤੀ » ਸਿਆਸਤ ਦੀ ਅਨੋਖੀ ਤਸਵੀਰ: ਬਰਨਾਲਾ ‘ਚ ਭਾਜਪਾ ਖਿਲਾਫ਼ ‘ਆਪ’ ਦਾ ਧਰਨਾ

ਸਿਆਸਤ ਦੀ ਅਨੋਖੀ ਤਸਵੀਰ: ਬਰਨਾਲਾ ‘ਚ ਭਾਜਪਾ ਖਿਲਾਫ਼ ‘ਆਪ’ ਦਾ ਧਰਨਾ

ਗੁਰਬਿੰਦਰ ਸਿੰਘ ਬਰਨਾਲ਼ਾ
[responsivevoice_button voice="Hindi Male"]

ਸੱਦਾ ਦੇਣ ਵਾਲੇ ਲੀਡਰ ਰਹੇ ਗੈਰ-ਹਾਜ਼ਰ

ਵਿਰੋਧੀਆਂ ਨੇ ਪਿਲਾਇਆ ਚਾਹ-ਪਾਣੀ

ਬਰਨਾਲਾ ਵਿੱਚ ਅੱਜ ਸਿਆਸਤ ਦਾ ਇੱਕ ਬਹੁਤ ਹੀ ਦਿਲਚਸਪ ਅਤੇ ਅਨੋਖਾ ਰੂਪ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ (ਆਪ) ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਅੱਗੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਕਥਿਤ ਨਕਲੀ (ਫੇਕ) ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਵਿਰੋਧ ਵਿੱਚ ਲਗਾਇਆ ਗਿਆ ਸੀ। ਪਰ ਇਸ ਪੂਰੇ ਪ੍ਰਦਰਸ਼ਨ ਦੌਰਾਨ ਦੋ ਅਜਿਹੀਆਂ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ—ਪਹਿਲੀ ਇਹ ਕਿ ਧਰਨੇ ਦਾ ਸੱਦਾ ਦੇਣ ਵਾਲੀ ‘ਆਪ’ ਦੀ ਮੁੱਖ ਲੀਡਰਸ਼ਿਪ ਖੁਦ ਗੈਰ-ਹਾਜ਼ਰ ਰਹੀ, ਅਤੇ ਦੂਜੀ ਇਹ ਕਿ ਸਖ਼ਤ ਗਰਮੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਸੇਵਾ ਵਿਰੋਧੀ ਧਿਰ (ਭਾਜਪਾ) ਵੱਲੋਂ ਕੀਤੀ ਗਈ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਕੋਠੀ ਦੇ ਨੇੜੇ ਵਿਰੋਧ ਕਰਦੇ ਆਪ ਆਗੂ ਅਤੇ ਵਰਕਰ

ਤਿੱਖੀ ਧੁੱਪ ‘ਚ ਕੇਵਲ ਢਿੱਲੋਂ ਦੀ ਕੋਠੀ ਤੋਂ ਦੂਰ ਜਾ ਲਗਾਇਆ ਰੁੱਖ ਹੇਠਾਂ ਧਰਨਾ, ਵੀਡੀਓ ਨੂੰ ਦੱਸਿਆ ਸਾਜ਼ਿਸ਼

ਨਿਰਧਾਰਿਤ ਪ੍ਰੋਗਰਾਮ ਮੁਤਾਬਕ ਸਵੇਰੇ 11 ਵਜੇ ‘ਆਪ’ ਵਰਕਰ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ। ਅੱਧੇ ਤੋਂ ਪੌਣੇ ਘੰਟੇ ਦੇ ਅੰਦਰ ਵਰਕਰਾਂ ਦੀ ਗਿਣਤੀ ਵਧੀ, ਪਰ ਅਸਮਾਨੋਂ ਵਰ੍ਹਦੀ ਅੱਗ ਅਤੇ ਤਿੱਖੀ ਧੁੱਪ ਕਾਰਨ ਪ੍ਰਦਰਸ਼ਨਕਾਰੀਆਂ ਨੇ ਕੋਠੀ ਦੇ ਬਿਲਕੁਲ ਅੱਗੇ ਬੈਠਣ ਦੀ ਬਜਾਏ ਨੇੜੇ ਹੀ ਇੱਕ ਵੱਡੇ ਰੁੱਖ ਦੀ ਛਾਂ ਹੇਠਾਂ ਮੋਰਚਾ ਲਾਇਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਨਕਲੀ ਵੀਡੀਓ ਵਾਇਰਲ ਕੀਤੀ ਗਈ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਕੱਦ-ਕਾਠੀ ਅਤੇ ਸ਼ਖਸੀਅਤ ਮੁੱਖ ਮੰਤਰੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਇਸ ਦੌਰਾਨ ਬੁਲਾਰਿਆਂ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਭਾਜਪਾ ਦੀਆਂ ਨੀਤੀਆਂ ਦੀ ਰ जम ਕੇ ਆਲੋਚਨਾ ਕੀਤੀ।

ਤਿੱਖੀ ਧੁੱਪ ਕਾਰਨ ਕੇਵਲ ਢਿੱਲੋਂ ਦੀ ਕੋਠੀ ਦਾ ਗੇਟ ਛੱਡ ਦੂਰ ਦਰਖਤ ਹੇਠ ਲਗਾਇਆ ਧਰਨਾ

ਸੱਦਾ ਦੇਣ ਵਾਲੇ ‘ਆਗੂ’ ਹੀ ਰਹੇ ਗੈਰ-ਹਾਜ਼ਰ

ਇਸ ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰਾਂ ਵਿੱਚ ਸਭ ਤੋਂ ਵੱਡੀ ਚਰਚਾ ਇਸ ਗੱਲ ਦੀ ਰਹੀ ਕਿ ਜਿਨ੍ਹਾਂ ਆਗੂਆਂ ਨੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ, ਉਹ ਖੁਦ ਹੀ ਨਜ਼ਰ ਨਹੀਂ ਆਏ। ਧਰਨੇ ਦਾ ਸੱਦਾ ਦੇਣ ਵਾਲੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਭੰਗੂ ਖੁਦ ਮੌਕੇ ’ਤੇ ਨਹੀਂ ਪਹੁੰਚੇ। ਉਨ੍ਹਾਂ ਦੇ ਨਾਲ-ਨਾਲ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਗੁਰਮੇਲ ਸਿੰਘ ਘਰਾਚੋਂ ਵੀ ਗੈਰ-ਹਾਜ਼ਰ ਰਹੇ। ਇਸ ਤੋਂ ਇਲਾਵਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਧਰਨੇ ਤੋਂ ਦੂਰੀ ਬਣਾਈ ਰੱਖੀ, ਹਾਲਾਂਕਿ ਉਨ੍ਹਾਂ ਦਾ ਨਾਮ ਪਹਿਲਾਂ ਜਾਰੀ ਕੀਤੀ ਗਈ ਅਪੀਲ ਵਿੱਚ ਸ਼ਾਮਲ ਨਹੀਂ ਸੀ। ਲੀਡਰਾਂ ਦੀ ਇਸ ਗੈਰ-ਹਾਜ਼ਰੀ ਨੇ ਵਰਕਰਾਂ ਦੇ ਉਤਸਾਹ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ।

ਵਿਰੋਧ ਪ੍ਰਦਰਸ਼ਨ ਕਰਦੇ ਆਪ ਆਗੂ ਤੇ ਵਰਕਰ

ਜਦੋਂ ਵਿਰੋਧੀਆਂ ਨੇ ਜਿੱਤਿਆ ‘ਆਪ’ ਵਰਕਰਾਂ ਦਾ ਦਿਲ: ਭਾਜਪਾ ਵੱਲੋਂ ਚਾਹ-ਪਾਣੀ ਦੀ ਸੇਵਾ

ਧਰਨੇ ਦਾ ਸਭ ਤੋਂ ਦਿਲਚਸਪ ਮੋੜ ਉਦੋਂ ਆਇਆ ਜਦੋਂ ਇੱਕ ਪਾਸੇ ‘ਆਪ’ ਵਰਕਰ ਭਾਜਪਾ ਖਿਲਾਫ਼ ਭੜਾਸ ਕੱਢ ਰਹੇ ਸਨ ਅਤੇ ਦੂਜੇ ਪਾਸੇ ਅੱਤ ਦੀ ਗਰਮੀ ਕਾਰਨ ਬੇਹਾਲ ਹੋ ਰਹੇ ਸਨ। ਅਜਿਹੇ ਮਾਹੌਲ ਵਿੱਚ ਸਿਆਸੀ ਕੜਵਾਹਟ ਨੂੰ ਪਾਸੇ ਰੱਖਦਿਆਂ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਿੱਜੀ ਸਹਾਇਕ (ਪੀਏ) ਦੀਪ ਸੰਘੇੜਾ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਠੰਢੇ ਪਾਣੀ ਅਤੇ ਗਰਮ ਚਾਹ ਦਾ ਪ੍ਰਬੰਧ ਕੀਤਾ ਗਿਆ।

‘ਆਪ’ ਵਰਕਰਾਂ ਨੇ ਵੀ ਬਿਨਾਂ ਕਿਸੇ ਝਿਜਕ ਦੇ ਇਸ ਸਹੂਲਤ ਦਾ ਭਰਪੂਰ ਲਾਭ ਉਠਾਇਆ ਅਤੇ ਚਾਹ-ਪਾਣੀ ਦੀਆਂ ਚੁਸਕੀਆਂ ਲਈਆਂ। ਹੱਦ ਤਾਂ ਉਦੋਂ ਹੋ ਗਈ ਜਦੋਂ ਧਰਨੇ ਦੀ ਸਮਾਪਤੀ ਵੇਲੇ ‘ਆਪ’ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਨਵੀਨ ਕੌਂਸਲ ਨੇ ਚਾਹ ਪੀਂਦਿਆਂ ਉੱਥੇ ਮੌਜੂਦ ਭਾਜਪਾ ਆਗੂਆਂ ਦੇ ਸਾਹਮਣੇ ਮੁਸਕਰਾਉਂਦੇ ਹੋਏ ਕਿਹਾ, ‘‘ਕੇਵਲ ਸਿੰਘ ਢਿੱਲੋਂ ਨੇ ਤਾਂ (ਚਾਹ ਪਿਲਾ ਕੇ) ਸਾਡਾ ਦਿਲ ਹੀ ਜਿੱਤ ਲਿਆ।’’

ਆਪ ਕੌਂਸਲਰ ਦਾ ਪਤੀ ਚਾਹ ਪੀ ਕੇ ਭਾਜਪਾ ਆਗੂਆਂ ਦਾ ਧੰਨਵਾਦ ਕਰਦਾ ਹੋਇਆ

ਇਹ ਵੀ ਪੜ੍ਹੋ:- ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਕਾਰਵਾਈ, ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਸੀਨੀਅਰ ਆਗੂ ਹਰਦੇਵ ਸਿੰਘ ਬਾਜੇਚੱਕ ਪਾਰਟੀ ਵਿੱਚੋਂ ਬਰਖ਼ਾਸਤ

0 0 votes
Article Rating
Subscribe
Notify of
guest
0 Comments
Oldest
Newest Most Voted