ਅਬੋਹਰ ਬਿਊਰੋ
ਅਬੋਹਰ ਦੇ ਨੇੜਲੇ ਪਿੰਡ ਸੈਦਾਂਵਾਲੀ ਸਥਿਤ ਸਰਕਾਰੀ ਸਕੂਲ ਦੇ ਬਾਹਰੋਂ ਇੱਕ ਬਹੁਤ ਹੀ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਕੂਲ ਦੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਵਿਚਾਲੇ ਹੋਈ ਝੜਪ ਨੇ ਅਜਿਹਾ ਖ਼ੂਨੀ ਰੂਪ ਧਾਰਨ ਕਰ ਲਿਆ ਕਿ ਇੱਕ ਪਰਿਵਾਰ ਦਾ ਚਿਰਾਗ ਬੁਝ ਗਿਆ। ਮਾਮੂਲੀ ਗੱਲ ਤੋਂ ਸ਼ੁਰੂ ਹੋਏ ਝਗੜੇ ਵਿੱਚ ਵਿੱਚ-ਬਚਾਅ ਅਤੇ ਆਪਸੀ ਸਮਝੌਤਾ ਕਰਵਾਉਣ ਆਏ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਇਸ ਸਾਰੇ ਵਿਵਾਦ ਦੀ ਸ਼ੁਰੂਆਤ ਸੈਦਾਂਵਾਲੀ ਦੇ ਸਰਕਾਰੀ ਸਕੂਲ ਵਿੱਚ ਗਿਆਰ੍ਹਵੀਂ ਜਮਾਤ ਦਾ ਮਾਨੀਟਰ ਬਦਲਣ ਨੂੰ ਲੈ ਕੇ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਜਮਾਤ ਦਾ ਮਾਨੀਟਰ ਬਦਲਣ ਦੀ ਗੱਲ ‘ਤੇ ਦੋ ਵਿਦਿਆਰਥੀ ਧੜਿਆਂ ਵਿਚਾਲੇ ਆਪਸੀ ਕਹਾ-ਸੁਣੀ ਹੋ ਗਈ। ਪਹਿਲੇ ਦਿਨ ਸਕੂਲ ਦੇ ਬਾਹਰ ਦੋਵੇਂ ਧਿਰਾਂ ਆਪਸ ਵਿੱਚ ਉਲਝ ਪਈਆਂ ਅਤੇ ਇਸੇ ਗੱਲ ਦੀ ਰੰਜਿਸ਼ ਰੱਖਦਿਆਂ ਅਗਲੇ ਦਿਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ। ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਬਾਈ ਸਾਲਾ ਗਗਨ ਪੁੱਤਰ ਜਗਮੀਤ ਸਿੰਘ ਵਾਸੀ ਕਲਿਆਂਵਾਲੀ ਨੇ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਹੋਏ ਝਗੜੇ ਤੋਂ ਬਾਅਦ ਦੂਜੀ ਧਿਰ ਨੇ ਰੰਜਿਸ਼ ਤਹਿਤ ਅਗਲੇ ਦਿਨ ਸ਼ਹਿਰ ਤੋਂ ਆਪਣੇ ਕੁਝ ਬਾਹਰੀ ਸਾਥੀਆਂ ਨੂੰ ਬੁਲਾ ਲਿਆ ਸੀ। ਜਦੋਂ ਗਗਨ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਸ ਨੂੰ ਦੋਬਾਰਾ ਝਗੜਾ ਹੋਣ ਦਾ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਆਪਣੇ ਵੱਡੇ ਭਰਾ ਲਵਪ੍ਰੀਤ ਸਿੰਘ ਨੂੰ ਸਕੂਲ ਦੇ ਬਾਹਰ ਬੁਲਾਇਆ। ਗਗਨ ਅਨੁਸਾਰ ਉਸ ਦਾ ਵੱਡਾ ਭਰਾ ਲਵਪ੍ਰੀਤ ਸਿੰਘ ਦੋਵਾਂ ਧਿਰਾਂ ਵਿਚਾਲੇ ਮਾਮਲਾ ਸ਼ਾਂਤ ਕਰਨ, ਆਪਸੀ ਸਮਝੌਤਾ ਕਰਵਾਉਣ ਅਤੇ ਮਾਹੌਲ ਨੂੰ ਵਿਗੜਨ ਤੋਂ ਰੋਕਣ ਦੇ ਮਕਸਦ ਨਾਲ ਉੱਥੇ ਪਹੁੰਚਿਆ ਸੀ। ਪਰ ਦੂਜੀ ਧਿਰ ਦੇ ਮਨ ਵਿੱਚ ਪਹਿਲਾਂ ਤੋਂ ਹੀ ਰੰਜਿਸ਼ ਭਰੀ ਹੋਈ ਸੀ ਅਤੇ ਲਗਭਗ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਘੇਰਾ ਪਾ ਕੇ ਲਵਪ੍ਰੀਤ ਅਤੇ ਗਗਨ ‘ਤੇ ਤੇਜ਼ਧਾਰ ਹਥਿਆਰਾਂ, ਲਾਠੀਆਂ ਅਤੇ ਇੱਟਾਂ-ਪੱਥਰਾਂ ਨਾਲ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਕੀਤੇ ਗਏ ਇਸ ਬੇਰਹਿਮ ਹਮਲੇ ਵਿੱਚ ਲਵਪ੍ਰੀਤ ਸਿੰਘ ਅਤੇ ਗਗਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਦੋਵਾਂ ਭਰਾਵਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਇਲਾਜ ਦੌਰਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਗਗਨ ਦਾ ਇਲਾਜ ਅਜੇ ਵੀ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਫਰੀਦਾਬਾਦ ਦੇ ਸਕੂਲ ‘ਚ ਵੜ ਕੇ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ; 27 ਵਾਰ ਚਾਕੂ ਘੋਪਣ ਵਾਲਾ ਦੋਸ਼ੀ ਗ੍ਰਿਫ਼ਤਾਰ









Users Today : 14
Users Yesterday : 29
Users Last 7 days : 171