ਬਠਿੰਡਾ ਬਿਊਰੋ
ਉੱਚ ਕੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿਖੇ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਲਈ ਅੱਜ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਅਹਿਮ ਅਤੇ ਸਾਂਝੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮਾਗਮ ਨੂੰ ਸਫ਼ਲ ਬਣਾਉਣ ਲਈ ਠੋਸ ਵਿਉਂਤਬੰਦੀ ਤਿਆਰ ਕੀਤੀ ਗਈ ਅਤੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿਖੇ ਸਮਾਗਮ ਦਾ ਪੋਸਟਰ ਅਤੇ ਪ੍ਰਚਾਰ ਲਈ ਹੱਥ ਪਰਚਾ ਜਾਰੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਵੱਲੋਂ ਪਾਸ਼ ਯਾਦਗਾਰੀ ਲਾਇਬ੍ਰੇਰੀ ਵਾਸਤੇ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਭੇਜੀਆਂ ਗਈਆਂ ਮਹੱਤਵਪੂਰਨ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ। ਮੀਟਿੰਗ ਵਿੱਚ ਸ਼ਾਮਲ ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਐਡਵੋਕੇਟ ਸੁਰਿੰਦਰ ਖੀਵਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ 9 ਸਤੰਬਰ ਯਾਨੀ ਪਾਸ਼ ਦਾ ਜਨਮ ਦਿਨ “ਕਵਿਤਾ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਸਮਾਗਮ ਲੇਖਕਾਂ, ਬੁੱਧੀਜੀਵੀਆਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ‘ਤੇ ਇੱਕਜੁੱਟ ਹੋ ਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਮੌਕੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਵਿਖੇ ਇੱਕ ਵੱਡਾ ਜਨਤਕ ਇਕੱਠ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਅਤੇ ਨਾਟਕਕਾਰ ਤੇ ਵਿਦਵਾਨ ਡਾਕਟਰ ਸਵਰਾਜਬੀਰ ਵੱਲੋਂ ਪਾਸ਼ ਦੀਆਂ ਇਨਕਲਾਬੀ ਕਵਿਤਾਵਾਂ ‘ਤੇ ਅਧਾਰਤ ਨਾਟਕ ਖੇਡਿਆ ਜਾਵੇਗਾ, ਜਦਕਿ ਪੰਜਾਬ ਦੀਆਂ ਪ੍ਰਸਿੱਧ ਸੰਗੀਤ ਮੰਡਲੀਆਂ ਵੱਲੋਂ ਪਾਸ਼ ਦੀ ਸ਼ਾਇਰੀ ਨੂੰ ਗੀਤਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੇਖਕਾਂ, ਬੁੱਧੀਜੀਵੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੌਜੂਦਾ ਦੌਰ ਦੀਆਂ ਗੰਭੀਰ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਸਮਾਗਮ ਦੀ ਸਫ਼ਲਤਾ ਲਈ ਇਲਾਕੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਇਸ ਮੀਟਿੰਗ ਵਿੱਚ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਕੰਪਲੈਕਸ ਅੰਦਰ ਲਗਾਈ ਗਈ ਖੁੱਲ੍ਹੀ ਕਸਰਤਗਾਹ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਸ ਯਾਦਗਾਰ ਨੂੰ ਸ਼ਹੀਦੀ ਯਾਦਗਾਰ ਵਜੋਂ ਸਰਕਾਰੀ ਮਾਨਤਾ ਦਿੱਤੀ ਜਾਵੇ। ਮੀਟਿੰਗ ਵਿੱਚ ਸਤਨਾਮ ਉੱਗੀ, ਹਰਪਾਲ ਬਿੱਟੂ, ਮਾਸਟਰ ਬਲਦੇਵ ਸਿੰਘ ਉੱਗੀ, ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਚਾ, ਮਲਕੀਅਤ ਸਿੰਘ ਈਦਾ, ਅਵਤਾਰ ਉੱਗੀ, ਬਲਦੇਵ ਰਾਜ ਮਾਲੜੀ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੇ ਸਕੱਤਰ ਡਾਕਟਰ ਮੰਗਤ ਔਜਲਾ ਅਤੇ ਗੁਰਮੀਤ ਸਿੰਘ ਕੋਟਲੀ ਵੀ ਹਾਜ਼ਰ ਸਨ, ਜਦਕਿ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਡਾਕਟਰ ਸੁਰਿੰਦਰ ਧੰਜਲ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਅਵਤਾਰ ਪਾਸ਼ ਯਾਦਗਾਰੀ ਟਰੱਸਟ ਦੇ ਪਾਵੇਲ ਕੁੱਸਾ ਅਤੇ ਡਾਕਟਰ ਪਰਮਿੰਦਰ ਨੇ ਸਮਾਗਮ ਲਈ ਸ਼ੁੱਭਕਾਮਨਾਵਾਂ ਭੇਜੀਆਂ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਨਸ਼ੇ ਦੇ ਖ਼ਿਲਾਫ਼ ਭੜਕਿਆ ਲੋਕਾਂ ਦਾ ਗੁੱਸਾ, ਅਨਾਜ ਮੰਡੀ ਰੋਡ ‘ਤੇ ਧਰਨਾ ਲਗਾ ਕੇ ਕੀਤਾ ਜ਼ੋਰਦਾਰ ਪ੍ਰਦਰਸ਼ਨ |









Users Today : 26
Users Yesterday : 24
Users Last 7 days : 195