ਕੇਂਦਰੀ ਬਿਊਰੋ
ਇੰਡੋਨੇਸ਼ੀਆ ਦੇ ਤੱਟਵਰਤੀ ਖੇਤਰ ਵਿੱਚ ਸ਼ਨੀਵਾਰ ਸਵੇਰੇ ਆਏ ਜ਼ੋਰਦਾਰ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਰਿਕਟਰ ਪੈਮਾਨੇ ‘ਤੇ 7.7 ਤੀਬਰਤਾ ਵਾਲੇ ਇਸ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਪੂਰੇ ਇਲਾਕੇ ਵਿੱਚ ਹਾਹਾਕਾਰ ਮੱਚ ਗਿਆ ਅਤੇ ਵੱਡੀ ਗਿਣਤੀ ਵਿੱਚ ਇਮਾਰਤਾਂ ਅਤੇ ਘਰ ਢਹਿ-ਢੇਰੀ ਹੋ ਗਏ। ਇਸ ਭਿਆਨਕ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਘੱਟੋ-ਘੱਟ 38 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਦਰਜਨ ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਭੂਚਾਲ ਤੋਂ ਤੁਰੰਤ ਬਾਅਦ ਸਬੰਧਤ ਵਿਭਾਗਾਂ ਵੱਲੋਂ ਸਮੁੰਦਰੀ ਤੂਫ਼ਾਨ ਅਤੇ ਸੁਨਾਮੀ ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਗਈ ਸੀ, ਹਾਲਾਂਕਿ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਚੇਤਾਵਨੀ ਨੂੰ ਵਾਪਸ ਲੈ ਲਿਆ ਗਿਆ ਹੈ। ਭੂ-ਵਿਗਿਆਨਕ ਸਰਵੇਖਣ ਮੁਤਾਬਕ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5:58 ਵਜੇ ਇੰਡੋਨੇਸ਼ੀਆ ਦੇ ਫਲੋਰਸ ਖੇਤਰ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਸ ਭੂਚਾਲ ਦਾ ਕੇਂਦਰ ਪੂਰਬੀ ਨੁਸਾ ਤੇਂਗਾਰਾ ਸੂਬੇ ਦੇ ਐਂਡੇ ਸ਼ਹਿਰ ਤੋਂ 68 ਕਿਲੋਮੀਟਰ ਉੱਤਰ-ਉੱਤਰ-ਪੱਛਮ ਵਿੱਚ ਸਥਿਤ ਸੀ। ਮੁੱਖ ਭੂਚਾਲ ਤੋਂ ਬਾਅਦ ਵੀ ਖੇਤਰ ਵਿੱਚ ਕਈ ਛੋਟੇ ਅਤੇ ਤੇਜ਼ ਝਟਕੇ ਲਗਾਤਾਰ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਝਟਕੇ ਮਹਿਸੂਸ ਹੁੰਦੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਘਬਰਾਏ ਹੋਏ ਲੋਕ ਆਪਣੀ ਜਾਨ ਬਚਾਉਣ ਲਈ ਆਪਣੇ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਵੱਲ ਭੱਜਣ ਲੱਗੇ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਨੇ ਦੱਸਿਆ ਕਿ ਬਚਾਅ ਟੀਮਾਂ ਵੱਲੋਂ ਹੁਣ ਤੱਕ 38 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜ਼ਿਆਦਾਤਰ ਮੌਤਾਂ ਸਿੱਕਾ, ਮੰਗਗਰਾਈ ਅਤੇ ਪੂਰਬੀ ਮੰਗਗਰਾਈ ਦੇ ਤਿੰਨ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਹੋਈਆਂ ਹਨ। ਮੰਗਗਰਾਈ ਦੇ ਰੀਓਕ ਪਿੰਡ ਵਿੱਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਹੋਏ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬਣ ਨਾਲ 16 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਚਾਅ ਕਰਮਚਾਰੀਆਂ ਵੱਲੋਂ ਬਾਹਰ ਕੱਢੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਖਮੀ ਹੋਏ ਲੋਕਾਂ ਵਿੱਚੋਂ 13 ਜਣਿਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਤਿੰਨ ਹੈਲੀਕਾਪਟਰ ਅਤੇ ਇੱਕ ਬਚਾਅ ਜਹਾਜ਼ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਲੋੜ ਪੈਣ ‘ਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਪੂਰਬੀ ਨੂਸਾ ਟੇਂਗਾਰਾ ਦਾ ਭੂਗੋਲਿਕ ਖੇਤਰ ਕਈ ਛੋਟੇ-ਵੱਡੇ ਟਾਪੂਆਂ ਨਾਲ ਬਣਿਆ ਹੋਣ ਕਾਰਨ ਇੱਥੇ ਪਹੁੰਚਣ ਅਤੇ ਆਵਾਜਾਈ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਨਾਗੇਕੋ ਖੇਤਰ ਦੇ ਲਗਭਗ 2,000 ਪਿੰਡ ਵਾਸੀ ਆਪਣਾ ਸਭ ਕੁਝ ਛੱਡ ਕੇ ਸੁਰੱਖਿਅਤ ਅਤੇ ਅਸਥਾਈ ਆਸਰਾ ਸਥਾਨਾਂ ਵਿੱਚ ਜਾਣ ਲਈ ਮਜ਼ਬੂਰ ਹੋਏ ਹਨ। ਪੁਲਿਸ ਪ੍ਰਸ਼ਾਸਨ ਦੇ ਮੁਖੀ ਰੂਡੀ ਡਾਰਮੋਕੋ ਨੇ ਦੱਸਿਆ ਕਿ ਇਸ ਭੂਚਾਲ ਨਾਲ ਖੇਤਰ ਦਾ ਬਹੁਤ ਵੱਡਾ ਆਰਥਿਕ ਅਤੇ ਜਾਨੀ ਨੁਕਸਾਨ ਹੋਇਆ ਹੈ। ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਸੰਚਾਰ ਸਾਧਨ ਬੰਦ ਹੋ ਗਏ ਹਨ, ਜਿਸ ਕਰਕੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਅਤੇ ਖੋਜ ਅਭਿਆਨ ਚਲਾਉਣ ਵਿੱਚ ਗੰਭੀਰ ਰੁਕਾਵਟਾਂ ਆ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਭਾਰਤ-ਤਿੱਬਤ ਸਰਹੱਦੀ ਪੁਲਿਸ ਦੇ ਡੀ.ਆਈ.ਜੀ. ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਦੀ ਮੌਤ, ਇੱਕ ਜਵਾਨ ਗੰਭੀਰ ਜ਼ਖ਼ਮੀ |









Users Today : 12
Users Yesterday : 29
Users Last 7 days : 169