ਕੇਂਦਰੀ ਬਿਊਰੋ
ਦੱਖਣੀ ਫਿਲੀਪੀਨਜ਼ ਦੇ ਜ਼ਾਮਬੋਆਂਗਾ ਸ਼ਹਿਰ ਵਿੱਚ ਸਥਿਤ ਏਤੇਨਿਓ ਡੀ ਜ਼ਾਮਬੋਆਂਗਾ ਯੂਨੀਵਰਸਿਟੀ ਦੇ ਹਾਈ ਸਕੂਲ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਦੀ ਇੱਕ ਬਹੁਤ ਹੀ ਮੰਦਭਾਗੀ ਅਤੇ ਗੰਭੀਰ ਘਟਨਾ ਵਾਪਰੀ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਹਥਿਆਰਾਂ ਨਾਲ ਲੈਸ ਇੱਕ ਵਿਦਿਆਰਥੀ ਨੇ ਅਚਾਨਕ ਆਪਣੇ ਸਾਥੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਆਪਣੀ ਵੀ ਗੋਲੀ ਮਾਰ ਕੇ ਜਾਨ ਲੈ ਲਈ। ਇਸ ਖ਼ੂਨੀ ਝੜਪ ਅਤੇ ਗੋਲੀਬਾਰੀ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਨੌਂ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਾਮਬੋਆਂਗਾ ਦੇ ਮੇਅਰ ਖਾਇਮਰ ਅਦਾਨ ਓਲਾਸੋ ਨੇ ਘਟਨਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਹਮਲਾਵਰ ਨੇ ਸੰਭਵ ਤੌਰ ’ਤੇ ਇਸ ਖ਼ੌਫ਼ਨਾਕ ਘਟਨਾ ਦਾ ਸਿੱਧਾ ਪ੍ਰਸਾਰਣ ਕਰਨ ਦੇ ਮਨੋਰਥ ਨਾਲ ਆਪਣੇ ਸਰੀਰ ਨਾਲ ਜੁੜਿਆ ਇੱਕ ਕੈਮਰਾ ਪਹਿਨਿਆ ਹੋਇਆ ਸੀ। ਉਨ੍ਹਾਂ ਮੁਤਾਬਕ ਹਮਲਾਵਰ ਨੇ ਸਭ ਤੋਂ ਪਹਿਲਾਂ ਇੱਕ ਅਧਿਆਪਕ ਵੱਲ ਨਿਸ਼ਾਨਾ ਸਾਧ ਕੇ ਗੋਲੀ ਚਲਾਈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਗੋਲੀ ਅਧਿਆਪਕ ਨੂੰ ਲੱਗੀ ਜਾਂ ਨਹੀਂ, ਪਰ ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਹੀ ਇੱਕ ਸਾਥੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਸਕੂਲ ਦੀਆਂ ਦੀਵਾਰਾਂ ਅੰਦਰ ਅਚਾਨਕ ਗੋਲੀਬਾਰੀ ਦੀਆਂ ਤਰਥੱਲੀ ਮਚਾਉਣ ਵਾਲੀਆਂ ਆਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਵਿੱਚ ਭਾਰੀ ਦਹਿਸ਼ਤ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਸੁਰੱਖਿਆ ਕਰਮੀਆਂ ਅਤੇ ਪੁਲਿਸ ਵੱਲੋਂ ਬਿਨਾਂ ਸਮਾਂ ਗਵਾਏ ਸੈਂਕੜੇ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਇਮਾਰਤ ਤੋਂ ਬਾਹਰ ਕੱਢਿਆ ਗਿਆ ਅਤੇ ਪੁਲਿਸ ਨੇ ਕੁਝ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਕਰਨ ਦੀ ਪੁਸ਼ਟੀ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਹਿਸ਼ਤਜ਼ਦਾ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਸ਼ਾਂਤ ਰਹਿਣ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਘਰ ਲੈ ਕੇ ਜਾਣ ਦੀ ਅਪੀਲ ਕੀਤੀ। ਕੌਮੀ ਪੁਲਿਸ ਮੁਖੀ ਜਨਰਲ ਜੋਸ ਮੇਲੈਂਸਿਓ ਨਾਰਤਾਤੇਜ਼ ਜੂਨੀਅਰ ਨੇ ਦੱਸਿਆ ਕਿ ਉੱਚ ਅਧਿਕਾਰੀ ਇਸ ਘਟਨਾ ਦੇ ਅਸਲ ਕਾਰਨਾਂ ਅਤੇ ਹਾਲਾਤ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਪੁਸ਼ਟੀ ਤੋਂ ਅਧੂਰੀਆਂ ਤਸਵੀਰਾਂ, ਵੀਡੀਓ ਜਾਂ ਕੋਈ ਵੀ ਭੜਕਾਊ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ਜਦੋਂ ਸਰਕਾਰ ਵੱਲੋਂ ਦੇਸ਼ ਭਰ ਦੇ ਸਕੂਲਾਂ ਦੀ ਸੁਰੱਖਿਆ ਵਧਾਉਣ ਦਾ ਵਿਸ਼ੇਸ਼ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਵੀ ਮੱਧ ਟੈਕਲੋਬਨ ਸ਼ਹਿਰ ਵਿੱਚ ਗੋਲੀਬਾਰੀ ਦੌਰਾਨ ਤਿੰਨ ਹਾਈ ਸਕੂਲ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਘੱਟੋ-ਘੱਟ ਵੀਹ ਲੋਕ ਜ਼ਖ਼ਮੀ ਹੋ ਗਏ ਸਨ। ਫਿਲੀਪੀਨਜ਼ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਆਸਾਨ ਉਪਲਬਧਤਾ ਕਾਰਨ ਹਥਿਆਰਾਂ ਨਾਲ ਜੁੜੇ ਅਪਰਾਧ ਅਕਸਰ ਦੇਖਣ ਨੂੰ ਮਿਲਦੇ ਹਨ, ਪਰ ਸਕੂਲਾਂ ਦੇ ਅੰਦਰ ਅਜਿਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੁਲਨਾਤਮਕ ਤੌਰ ’ਤੇ ਘੱਟ ਹੀ ਵਾਪਰਦੀਆਂ ਹਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋੋ। ਖੁੱਲ੍ਹੀਆਂ ਅੱਖਾਂ ਸਪੈਸ਼ਲ ਕੇਡਰ ਅਧਿਆਪਕਾਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ, ਹੱਲ ਨਾ ਨਿਕਲਣ ’ਤੇ 19 ਅਗਸਤ ਨੂੰ ਗੰਭੀਰਪੁਰੇ ਵਿਖੇ ਕੈਂਡਲ ਮਾਰਚ ਕੱਢਣ ਦਾ ਐਲਾਨ









Users Today : 24
Users Yesterday : 24
Users Last 7 days : 193