ਬੇਅੰਤ ਬਰਨਾਲਾ।
ਜ਼ਿਲ੍ਹੇ ਭਰ ਵਿੱਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰਾਂ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕ ਅਤੇ ਦੁਕਾਨਦਾਰ ਬੇਹੱਦ ਤੰਗ ਅਤੇ ਪਰੇਸ਼ਾਨ ਹਨ, ਪਰ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੂੰ ਸਿਰਫ਼ ਆਪਣੀ ਜਿੱਤ ਅਤੇ ਵੋਟਾਂ ਦੀ ਹੀ ਚਿੰਤਾ ਸਤਾ ਰਹੀ ਹੈ। ਜ਼ਿਲ੍ਹਾ ਬਰਨਾਲਾ ਦੇ ਸਥਾਨਕ ਸ਼ਹਿਰ ਸਮੇਤ ਧਨੌਲਾ, ਤਪਾ ਅਤੇ ਭਦੌੜ ਨਗਰ ਕੌਂਸਲਾਂ ਦੇ ਨਾਲ-ਨਾਲ ਨਗਰ ਪੰਚਾਇਤ ਹੰਡਿਆਇਆ ਵਿਖੇ ਪਿਛਲੇ ਦਸ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਪੂਰਾ ਇਲਾਕਾ ਕਿਸੇ ਵੱਡੇ ਕੂੜਾ ਡੰਪ ਵਰਗਾ ਨਜ਼ਰ ਆਉਣ ਲੱਗਾ ਹੈ। ਇਕੱਲੇ ਬਰਨਾਲਾ ਸ਼ਹਿਰ ਵਿੱਚੋਂ ਰੋਜ਼ਾਨਾ ਲਗਭਗ ਚਾਲੀ ਟਨ ਕੂੜਾ ਨਿਕਲਦਾ ਹੈ, ਜੋ ਗਲੀਆਂ ਅਤੇ ਮੁੱਖ ਬਾਜ਼ਾਰਾਂ ਵਿੱਚ ਜਮ੍ਹਾਂ ਹੋ ਕੇ ਸੜ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਤਾਂ ਮੰਗ ਰਹੇ ਹਨ, ਪਰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਵੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।

ਸਥਾਨਕ ਸਿਵਲ ਹਸਪਤਾਲ ਦੇ ਨੇੜਲੇ ਨਾਮਦੇਵ ਚੌਂਕ, ਸਕੂਲਾਂ, ਸਰਕਾਰੀ ਅਦਾਰਿਆਂ, ਮੁੱਖ ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਫ਼ਰਵਾਹੀ ਬਾਜ਼ਾਰ ਵਰਗੀਆਂ ਜਨਤਕ ਥਾਵਾਂ ‘ਤੇ ਚਾਰੋਂ ਤਰਫ਼ ਗੰਦਗੀ ਦਾ ਆਲਮ ਹੈ, ਜਿਸ ਨੂੰ ਬੇਸਹਾਰਾ ਪਸ਼ੂ ਅਤੇ ਵਾਹਨ ਸੜਕਾਂ ‘ਤੇ ਇੱਧਰ-ਉੱਧਰ ਖਿਲਾਰ ਰਹੇ ਹਨ। ਸਬਜ਼ੀਆਂ, ਫ਼ਲਾਂ ਦੇ ਛਿੱਲਕਿਆਂ ਅਤੇ ਪਸ਼ੂਆਂ ਦੇ ਮਲ-ਮੂਤਰ ਵਰਗੇ ਗਿੱਲੇ ਕੂੜੇ ਤੋਂ ਅਸਹਿ ਬਦਬੂ ਆ ਰਹੀ ਹੈ, ਉੱਥੇ ਹੀ ਦੁਕਾਨਦਾਰਾਂ ਵੱਲੋਂ ਸੁੱਟਿਆ ਗਿਆ ਪਲਾਸਟਿਕ ਅਤੇ ਹੋਰ ਠੋਸ ਸੁੱਕਾ ਕੂੜਾ ਸੀਵਰੇਜ ਪ੍ਰਣਾਲੀ ਨੂੰ ਜਾਮ ਕਰਨ ਲਈ ਤਿਆਰ ਖੜ੍ਹਾ ਹੈ। ਜੇਕਰ ਅਜਿਹੇ ਸਮੇਂ ਭਾਰੀ ਮੀਂਹ ਪੈ ਗਿਆ, ਤਾਂ ਬਿਮਾਰੀਆਂ ਫੈਲਣ ਅਤੇ ਜਲ-ਥਲ ਹੋਣ ਕਾਰਨ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਸਕਦੇ ਹਨ। ਸੁਚੇਤ ਨਾਗਰਿਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਵੋਟਰਾਂ ਨੂੰ ਕੂੜੇ ਅਤੇ ਵੋਟਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਵਧ ਰਹੀ ਗਰਮੀ ਕਾਰਨ ਇਹ ਸਥਿਤੀ ਹੋਰ ਵੀ ਖ਼ਤਰਨਾਕ ਰੂਪ ਲੈ ਸਕਦੀ ਹੈ, ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਹਰ ਵੋਟਰ ਨੂੰ ਆਪਣੇ ਬੂਹੇ ‘ਤੇ ਆਉਣ ਵਾਲੇ ਆਗੂਆਂ ਤੋਂ ਇਸ ਦੁਰਦਸ਼ਾ ‘ਤੇ ਜਵਾਬ ਮੰਗਣਾ ਚਾਹੀਦਾ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਦਾ ਫੁਕਿਆ ਪੁਤਲਾ |









Users Today : 10
Users Yesterday : 10
Users Last 7 days : 314