ਜਲੰਧਰ ਬਿਊਰੋ
ਜਲੰਧਰ ਸ਼ਹਿਰ ਵਿੱਚ ਸਫ਼ਾਈ, ਸੀਵਰੇਜ ਅਤੇ ਜਲ ਸਪਲਾਈ ਕਾਮਿਆਂ ਵੱਲੋਂ ਕੀਤੀ ਗਈ ਮੁਕੰਮਲ ਹੜਤਾਲ ਅਤੇ ਐਤਵਾਰ ਤੱਕ ਦਿੱਤੇ ਗਏ ਅਲਟੀਮੇਟਮ ਉਪਰੰਤ ਪੰਜਾਬ ਭਰ ਵਿੱਚ ਹੜਤਾਲ ਕਰਨ ਦੀ ਚੇਤਾਵਨੀ ਦਾ ਸਮਰਥਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਿਆਂ ਦੀ ਆਵਾਜ਼ ਦੀ ਜ਼ੋਰਦਾਰ ਹਮਾਇਤ ਕੀਤੀ ਹੈ। ਬਰਨਾਲਾ ਵਿਖੇ ਸਫ਼ਾਈ ਕਾਮਿਆਂ ਉੱਪਰ ਹੋਏ ਵਹਿਸ਼ੀਆਨਾ ਲਾਠੀਚਾਰਜ ਦੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਸਜ਼ਾਵਾਂ ਦੇਣ ਅਤੇ ਕਾਮਿਆਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਰਨਾਲਾ ਵਿਖੇ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਵਿਸ਼ੇਸ਼ ਕਰਕੇ ਉਪ ਪੁਲਿਸ ਕਪਤਾਨ ਵੱਲੋਂ ਵਹਿਸ਼ੀਆਨਾ ਢੰਗ ਨਾਲ ਔਰਤ ਕਾਮਿਆਂ ਉੱਪਰ ਡਾਂਗਾਂ ਦਾ ਮੀਂਹ ਵਰ੍ਹਾਇਆ ਗਿਆ ਹੈ, ਉਹ ਇਹ ਸਾਬਤ ਕਰਦਾ ਹੈ ਕਿ ਇਸ ਰਾਜ ਅਤੇ ਸਮਾਜ ਅੰਦਰ ਮਜ਼ਦੂਰਾਂ ਦੇ ਮੁੱਢਲੇ ਮਾਨਵੀ ਹੱਕਾਂ ਦੀ ਹੱਤਿਆ ਕਰਨਾ ਰਾਜ ਕਰਦੀਆਂ ਹਾਕਮ ਜਮਾਤਾਂ ਆਪਣਾ ਜਨਮ ਸਿੱਧ ਅਧਿਕਾਰ ਸਮਝਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਧੱਕੜ ਧਾਰਨਾ ਨੂੰ ਕੋਈ ਵੀ ਲੋਕ-ਪੱਖੀ ਜਮਹੂਰੀ ਸੰਸਥਾ ਜਾਂ ਵਿਅਕਤੀ ਕਦਾਚਿਤ ਬਰਦਾਸ਼ਤ ਨਹੀਂ ਕਰੇਗਾ। ਕਮੇਟੀ ਦਾ ਕਹਿਣਾ ਹੈ ਕਿ ਧੂਰੀ, ਸੰਗਰੂਰ ਅਤੇ ਬਰਨਾਲਾ ਵਿਖੇ ਸਫ਼ਾਈ ਕਾਮਿਆਂ ਦੇ ਪਿੰਡਿਆਂ ‘ਤੇ ਮਾਰੀਆਂ ਡਾਂਗਾਂ ਦਾ ਸੇਕ ਸੁਆਲ ਕਰਦਾ ਹੈ ਕਿ ਚੋਣਾਂ ਵੇਲੇ ‘ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ’ ਵਰਗੇ ਗੀਤ ਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮਜ਼ਦੂਰਾਂ ਉੱਪਰ ਢਾਹੇ ਵਹਿਸ਼ੀਆਨਾ ਕਹਿਰ ਦੀ ਦਰਦਨਾਕ ਦਾਸਤਾਨ ਦਿੱਲੀ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਉੱਪਰ ਢਾਹੇ ਜ਼ੁਲਮ ਨਾਲ ਮਿਲਦੀ ਹੈ, ਜਿਸ ਦਾ ਇੱਕ ਦਿਨ ਸੱਥਾਂ ਵਿੱਚ ਜਵਾਬ ਦੇਣਾ ਪਵੇਗਾ। ਸਫ਼ਾਈ ਕਾਮਿਆਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੂਰਨ ਵਿਸ਼ਵਾਸ ਦਵਾਇਆ ਹੈ ਕਿ ਉਹ ਆਪਣੇ ਆਪ ਨੂੰ ਬਿਲਕੁਲ ਇਕੱਲੇ ਨਾ ਸਮਝਣ, ਕਿਉਂਕਿ ਦੇਸ਼ ਭਗਤ ਯਾਦਗਾਰ ਹਾਲ ਅਤੇ ਪੰਜਾਬ ਦੀਆਂ ਸਮੂਹ ਲੋਕ-ਪੱਖੀ ਸੰਸਥਾਵਾਂ ਉਨ੍ਹਾਂ ਦੀ ਇਸ ਹੱਕੀ ਆਵਾਜ਼ ਦੇ ਸਦਾ ਅੰਗ-ਸੰਗ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਾਮਿਆਂ ਦੀਆਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਅਤੇ ਬਰਨਾਲਾ ਵਿਖੇ ਲਾਠੀਚਾਰਜ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਇਹ ਸੰਘਰਸ਼ ਪੂਰੇ ਪੰਜਾਬ ਵਿੱਚ ਹੋਰ ਵੀ ਤਿੱਖਾ ਰੂਪ ਧਾਰਨ ਕਰ ਲਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।
ਹੋਰ ਤਾਜ਼ਾ ਲਈ ਕਲਿੱਕ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿੱਚ ਫ਼ਰਜ਼ੀਵਾੜਾ ਕਰਨ ਵਾਲੇ ਜਲੰਧਰ ਦੇ ਨਿੱਜੀ ਹਸਪਤਾਲ ‘ਤੇ ਸਿਹਤ ਮੰਤਰੀ ਦੀ ਵੱਡੀ ਕਾਰਵਾਈ, ਪੈਨਲ ਤੋਂ ਕੀਤਾ ਬਾਹਰ









Users Today : 12
Users Yesterday : 29
Users Last 7 days : 169