ਚੰਡੀਗੜ੍ਹ ਬਿਊਰੋ
ਨਗਰ ਕੌਂਸਲ ਡੇਰਾਬੱਸੀ ਦੇ ਹਾਊਸ ਦੀ ਪਹਿਲੀ ਅਹਿਮ ਮੀਟਿੰਗ ਪ੍ਰਧਾਨ ਆਸ਼ੂ ਉਪਨੇਜਾ ਦੀ ਅਗਵਾਈ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਵਿਸ਼ੇਸ਼ ਮੌਜੂਦਗੀ ਹੇਠ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਅਹਿਮ ਇਕੱਤਰਤਾ ਦੌਰਾਨ ਸ਼ਹਿਰ ਦੇ ਸਰਬਪੱਖੀ ਵਿਕਾਸ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਗੰਭੀਰ ਸਮੱਸਿਆਵਾਂ ਦੇ ਸਥਾਈ ਨਿਪਟਾਰੇ ਲਈ ਕਈ ਪ੍ਰਮੁੱਖ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸੈਣੀ ਵੱਲੋਂ ਸੈਣੀ ਭਵਨ ਵਿਖੇ ਚੱਲ ਰਹੇ ਨਗਰ ਕੌਂਸਲ ਦਫ਼ਤਰ ਨੂੰ ਤਬਦੀਲ ਕਰਕੇ ਇੱਕ ਨਵੀਂ ਅਤੇ ਆਧੁਨਿਕ ਇਮਾਰਤ ਬਣਾਉਣ ਦਾ ਮੁੱਦਾ ਹਾਊਸ ਦੇ ਸਾਹਮਣੇ ਰੱਖਿਆ ਗਿਆ। ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਾਰਜਸਾਧਕ ਅਫ਼ਸਰ ਅਤੇ ਪ੍ਰਧਾਨ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਬਰਸਾਤ ਦਾ ਮੌਸਮ ਲੰਘਦਿਆਂ ਹੀ ਨਵੇਂ ਦਫ਼ਤਰ ਦੀ ਇਮਾਰਤ ਦਾ ਨਿਰਮਾਣ ਕਾਰਜ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰਵਾਇਆ ਜਾਵੇ ਅਤੇ ਪਹਿਲੀ ਮੰਜ਼ਿਲ ਦਾ ਕੰਮ ਮੁਕੰਮਲ ਹੁੰਦੇ ਹੀ ਦਫ਼ਤਰ ਨੂੰ ਤੁਰੰਤ ਉੱਥੇ ਸ਼ਿਫਟ ਕਰ ਲਿਆ ਜਾਵੇ। ਇਸ ਤੋਂ ਇਲਾਵਾ ਵਾਰਡ ਨੰਬਰ ਸੱਤ, ਗੁਰਬਖ਼ਸ਼ ਕਾਲੋਨੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਭਰਨ ਦੀ ਚਿਰੋਕਣੀ ਸਮੱਸਿਆ ਦਾ ਪੱਕਾ ਹੱਲ ਕਰਦਿਆਂ ਨਿੱਜੀ ਕੰਪਨੀ ਦੇ ਪ੍ਰਬੰਧਕਾਂ ਨਾਲ ਸਹਿਮਤੀ ਬਣਾਈ ਗਈ, ਜਿਨ੍ਹਾਂ ਦੇ ਨੁਮਾਇੰਦੇ ਸੰਦੀਪ ਨੇ ਹਾਊਸ ਵਿੱਚ ਦੱਸਿਆ ਕਿ ਜਲ-ਨਿਕਾਸੀ ਲਈ ਉਨ੍ਹਾਂ ਦੀ ਨਿੱਜੀ ਜ਼ਮੀਨ ਵਿੱਚੋਂ ਛੇ ਫੁੱਟ ਚੌੜੀ ਪਾਈਪ ਲਾਈਨ ਪਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਕਰੀਬ ਚਾਲੀ ਤੋਂ ਪੰਜਤਾਲੀ ਏਕੜ ਰਕਬੇ ਵਿੱਚ ਬਣੇ ਖੇਡ ਮੈਦਾਨ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਵਿਕਸਤ ਕਰਨ ਬਾਰੇ ਵੀ ਵਿਸ਼ੇਸ਼ ਚਰਚਾ ਹੋਈ। ਮੀਟਿੰਗ ਵਿੱਚ ਵਾਰਡ ਨੰਬਰ ਪੰਜ ਦੀ ਮਹਿਲਾ ਕੌਂਸਲਰ ਵੱਲੋਂ ਰਹਾਇਸ਼ੀ ਕਲੋਨੀਆਂ ਵਿੱਚ ਕਾਲੋਨਾਈਜ਼ਰਾਂ ਵੱਲੋਂ ਅਧੂਰੇ ਛੱਡੇ ਵਿਕਾਸ ਕਾਰਜਾਂ ਦਾ ਮੁੱਦਾ ਚੁੱਕਿਆ ਗਿਆ, ਜਿਸ ‘ਤੇ ਪ੍ਰਸ਼ਾਸਨ ਨੇ ਲਿਖਤੀ ਰਿਪੋਰਟ ਦੇ ਆਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਵਿਧਾਇਕ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸਪੈਸ਼ਲ ਕੇਡਰ ਅਧਿਆਪਕਾਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ, ਹੱਲ ਨਾ ਨਿਕਲਣ ’ਤੇ 19 ਅਗਸਤ ਨੂੰ ਗੰਭੀਰਪੁਰੇ ਵਿਖੇ ਕੈਂਡਲ ਮਾਰਚ ਕੱਢਣ ਦਾ ਐਲਾਨ









Users Today : 26
Users Yesterday : 24
Users Last 7 days : 195