ਕੇਂਦਰੀ ਬਿਊਰੋ
ਲੰਮੇ ਸਮੇਂ ਤੋਂ ਆਪਣੀਆਂ ਬਦਲੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੈਂਕੜੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਗ਼ੈਰ-ਅਧਿਆਪਨ ਸਟਾਫ਼ ਨੂੰ ਸਿੱਖਿਆ ਵਿਭਾਗ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਪੰਜਾਬ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਅਨੁਸਾਰ, ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੋ ਹਜ਼ਾਰ ਛੱਬੀ ਦੀ ਡਿਊਟੀ ‘ਤੇ ਤਾਇਨਾਤ ਕੀਤੇ ਗਏ ਅਮਲੇ ਦੀਆਂ ਬਦਲੀਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ, ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇਸ ਫੈਸਲੇ ਤੋਂ ਪ੍ਰਭਾਵਿਤ ਅਧਿਆਪਕਾਂ ਅਤੇ ਜਥੇਬੰਦੀਆਂ ਦਾ ਦੋਸ਼ ਹੈ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਚੋਣ ਕਮਿਸ਼ਨ ਦੇ ਹੁਕਮਾਂ ਦਾ ਗਲਤ ਮਤਲਬ ਕੱਢਿਆ ਹੈ, ਕਿਉਂਕਿ ਚੋਣ ਕਮਿਸ਼ਨ ਦੇ ਨਿਯਮ ਸਿਰਫ਼ ਚੋਣ ਪ੍ਰਕਿਰਿਆ ਨੂੰ ਸਿੱਧੇ ਰੂਪ ਵਿੱਚ ਚਲਾਉਣ ਵਾਲੇ ਉੱਚ ਅਧਿਕਾਰੀਆਂ ਦੀਆਂ ਬਦਲੀਆਂ ‘ਤੇ ਰੋਕ ਲਗਾਉਂਦੇ ਹਨ ਅਤੇ ਇਸ ਦੀ ਆੜ ਵਿੱਚ ਆਮ ਅਧਿਆਪਕਾਂ ਦੀਆਂ ਬਦਲੀਆਂ ਨੂੰ ਰੋਕਣਾ ਸਰਾਸਰ ਗਲਤ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਨੇ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਬਹੁਤ ਸਾਰੇ ਅਧਿਆਪਕ ਗੰਭੀਰ ਪਰਿਵਾਰਕ, ਸਿਹਤ ਅਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਬਦਲੀਆਂ ਹੋਣ ਦੀ ਆਸ ਲਗਾਈ ਬੈਠੇ ਸਨ, ਪਰ ਵਿਭਾਗ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਜਾਇਜ਼ ਹੱਕਾਂ ‘ਤੇ ਡਾਕਾ ਮਾਰਿਆ ਗਿਆ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਵਿਭਾਗ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਅਧਿਆਪਕ ਪਹਿਲਾਂ ਹੀ ਗ਼ੈਰ-ਅਕਾਦਮਿਕ ਕੰਮਾਂ, ਵੱਖ-ਵੱਖ ਸਰਵੇਖਣਾਂ ਅਤੇ ਮਰਦਮਸ਼ੁਮਾਰੀ ਵਰਗੀਆਂ ਡਿਊਟੀਆਂ ਦੇ ਵਾਧੂ ਬੋਝ ਹੇਠ ਬੁਰੀ ਤਰ੍ਹਾਂ ਦੱਬੇ ਹੋਏ ਹਨ, ਜਿਸ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ ਅਤੇ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਾਇਜ਼ ਬਦਲੀਆਂ ‘ਤੇ ਵੀ ਮੁਕੰਮਲ ਰੋਕ ਲਗਾ ਕੇ ਅਧਿਕਾਰੀ ਅਧਿਆਪਕਾਂ ਨੂੰ ਹੋਰ ਮਾਨਸਿਕ ਪਰੇਸ਼ਾਨੀ ਵੱਲ ਧੱਕ ਰਹੇ ਹਨ। ਕਿਸਾਨ ਅਤੇ ਅਧਿਆਪਕ ਆਗੂਆਂ ਨੇ ਤਰਕ ਦਿੱਤਾ ਕਿ ਜੇਕਰ ਕੋਈ ਅਧਿਆਪਕ ਬੂਥ ਪੱਧਰ ਦੇ ਅਧਿਕਾਰੀ ਜਾਂ ਨਿਗਰਾਨ ਵਜੋਂ ਡਿਊਟੀ ਕਰ ਰਿਹਾ ਹੈ, ਤਾਂ ਬਦਲੀ ਹੋਣ ਦੀ ਸੂਰਤ ਵਿੱਚ ਉਸ ਦੀ ਡਿਊਟੀ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਵੀ ਜਾਰੀ ਰੱਖੀ ਜਾ ਸਕਦੀ ਹੈ ਜਾਂ ਲੋੜ ਪੈਣ ‘ਤੇ ਵਿਭਾਗ ਕੋਈ ਬਦਲਵਾਂ ਪ੍ਰਬੰਧ ਕਰ ਸਕਦਾ ਹੈ, ਇਸ ਲਈ ਚੋਣ ਡਿਊਟੀਆਂ ਦਾ ਬਹਾਨਾ ਬਣਾ ਕੇ ਲਗਾਈ ਗਈ ਇਹ ਰੋਕ ਤੁਰੰਤ ਹਟਾਈ ਜਾਵੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਨਜਾਇਜ਼ ਸ਼ਰਾਬ ਦੀ ਤਸਕਰੀ ਦੇ ਦੋਸ਼ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ, ਪੰਦਰਾਂ ਲੀਟਰ ਲਾਹਣ ਬਰਾਮਦ









Users Today : 0
Users Yesterday : 14
Users Last 7 days : 171